ਸਤਿ ਸ਼੍ਰੀ ਅਕਾਲ, ਲਫ਼ਜ਼ਾਂ ਦਾ ਪੁਲ 'ਤੇ ਜੀ ਆਇਆਂ ਨੂੰ
ਕਵਿਤਾ ਨਾਲ ਸੰਵਾਦ ਰਚਾਓ, ਮਸਲਿਆਂ ਤੇ ਕਲਮ ਚਲਾਓ, ਆਪਣੀ ਪਸੰਦ ਦਾ ਵਿਸ਼ਾ ਭੇਜੋ, ਵਿਸ਼ੇ ਤੇ ਆਪਣੀਆਂ ਰਚਨਾਵਾਂ ਭੇਜੋ write@lafzandapul.com

ਅਗਸਤ ਅੰਕ: ਬਰਸਾਤ

Written By ਲਫ਼ਜ਼ਾਂ ਦਾ ਸੇਵਾਦਾਰ on Sunday, September 6, 2009 | 10:57 PM

ਅੰਕ-ਸੱਤਵਾਂ(ਅਗਸਤ)



---------------
ਨਜ਼ਮ
---------------
ਮਰਹੂਮ ਉਸਤਾਦ ਦੀਪਕ ਜੈਤੋਈ

ਆਇਆ ਸੌਣ ਜਵਾਨ ਹੋ ਗਈ ਕੁਦਰਤ, ਇਹ ਜ਼ਮੀਨ ਏਦਾਂ ਸਬਜ਼-ਜ਼ਾਰ ਹੋਈ
ਜਿੰਦਾਂ ਕੰਤ ਪਰਦੇਸੀ ਦੇ ਘਰੇ ਆਇਆਂ, ਲਾਵੇ ਹਾਰ-ਸ਼ੰਗਾਰ ਮੁਟਿਆਰ ਕੋਈ

ਉਠੀ ਘਟਾ, ਬੱਦਲ ਐਸੇ ਹੋਏ ਨੀਵੇਂ, ਜਿੱਦਾਂ ਧਰਤੀ ’ਤੇ ਆਉਣ ਨੂੰ ਤਰਸਦੇ ਨੇ
ਫੇਰ ਇੰਜ ਬਰਸੇ ਜਿੱਦਾਂ ਸੌਣ ਲੱਗੇ, ਨੈਣ ਕਿਸੇ ਵਿਯੋਗਣ ਦੇ ਬਰਸਦੇ ਨੇ

ਬੱਦਲ ਜਦੋਂ ਟਕਰਾਉਣ, ਖੜਾਕ ਹੋਵੇ, ਛਾਤੀ ਧੜਕਦੀ ਸੁਹਲ ਸੁਆਣੀਆਂ ਦੀ
ਬਿਜਲੀ ਲਿਸ਼ਕਦੇ ਸਾਰ ਅਲੋਪ ਹੋਵੇ, ਜਿੱਦਾਂ ਦੋਸਤੀ ਲਾਲਚੀ ਬਾਣੀਆਂ ਦੀ

ਝੀਲਾਂ ਭਰੀਆਂ ਨੇ ਐਨ ਕਿਨਾਰਿਆਂ ਤਕ, ਅਰਸ਼ੋਂ ਉੱਤਰੀ ਡਾਰ ਮੁਰਗਾਬੀਆਂ ਦੀ
ਵੱਟਾਂ ਟੁੱਟੀਆਂ ਇੰਜ ਹਰ ਖੇਤ ਦੀਆਂ, ਤੌਬਾ ਟੁੱਟਦੀ ਜਿਵੇਂ ਸ਼ਰਾਬੀਆਂ ਦੀ

ਮੋਰ ਨੱਚਦੇ, ਕੋਈਲਾਂ ਕੂਕ ਪਈਆਂ, ਦੀਪਕ ਜਗੇ ਪਤੰਗੇ ਆ ਫੁੜਕਦੇ ਨੇ
ਪਾਉਂਦੇ ਸ਼ੋਰ ਬਰਸਾਤੀ ਦਰਿਆ ਏਦਾਂ, ਜਿੱਦਾਂ ਨਵੇਂ ਰੱਜੇ ਬੰਦੇ ਭੁੜਕਦੇ ਨੇ

ਨਿਰਮਲ ਨੀਰ ਗੰਧਲਾਅ ਗਿਆ ਭੁੰਏਂ ਪੈ ਕੇ , ਅਕਸਰ ਏਦਾਂ ਹੀ ਹੁੰਦੈ ਦੁਸ਼ਵਾਰੀਆਂ ਵਿਚ
ਜਿੱਦਾਂ ਸ਼ਾਇਰ ਦੀ ਬੁੱਧੀ ਮਲੀਨ ਹੋਵੇ, ਰਹਿ ਕੇ ਲੀਡਰਾਂ ਅਤੇ ਵਿਉਪਾਰੀਆਂ ਵਿਚ

ਪਾਣੀ ਪਿੰਡ ਦਾ ਛੱਪੜਾਂ ਵਿੱਚ ਏਦਾਂ, ’ਕੱਠਾ ਹੋ ਗਿਆ ਰੁੜ੍ਹ ਕੇ ਦਲੇਰੀ ਦੇ ਨਾਲ
ਆਸੇ ਪਾਸੇ ਦੀ ਦੌਲਤ ਸਮੇਟ ਲੈਂਦੇ, ਸ਼ਾਹੂਕਾਰ ਜਿੱਦਾਂ ਹੇਰਾ ਫੇਰੀ ਦੇ ਨਾਲ

ਆਇਆ ਹੜ੍ਹ, ਰੁੜ੍ਹੀਆਂ ਛੰਨਾਂ, ਢਹੇ ਢਾਰੇ, ਪਾਣੀ ਦੂਰ ਤਕ ਮਾਰਦਾ ਵਲਾ ਜਾਂਦੈ
ਵਕਤ ਜਿਵੇਂ ਗਰੀਬ ਦੇ ਜਜ਼ਬਿਆਂ ਨੂੰ, ਪੈਰਾਂ ਹੇਠ ਮਧੋਲਦਾ ਚਲਾ ਜਾਂਦੈ

ਰਾਤੀਂ ਜੁਗਨੂੰਆਂ ਦੇ ਝੁਰਮਟ ਫਿਰਨ ਉਡਦੇ, ਝੱਲੀ ਜਾਏ ਨਾ ਤਾਬ ਨਜ਼ਾਰਿਆਂ ਦੀ
ਜਿੱਦਾਂ ਰੁੱਤਾਂ ਦੀ ਰਾਣੀ ਬਰਸਾਤ ਆਈ, ਸਿਰ ’ਤੇ ਓੜ੍ਹ ਕੇ ਚੁੰਨੀ ਸਿਤਾਰਿਆਂ ਦੀ

ਚੰਨ ਬੱਦਲਾਂ ਤੋਂ ਬਾਹਰ ਮਸਾਂ ਆਉਂਦੈ, ਫੌਰਨ ਆਪਣਾ ਮੁੱਖ ਛੁਪਾ ਲੈਂਦੈ
ਲਹਿਣੇਦਾਰ ਨੂੰ ਵੇਖ ਕਰਜ਼ਾਈ ਜਿੱਦਾਂ, ਸ਼ਰਮਸਾਰ ਹੋ ਕੇ ਨੀਵੀਂ ਪਾ ਲੈਂਦੈ

ਮਹਿਕਾਂ ਵੰਡ ਰਹੀਆਂ ਕਲੀਆਂ ਬਾਗ਼ ਅੰਦਰ, ਫੁੱਲ ਆਪਣੀ ਖ਼ੁਸ਼ਬੂ ਖਿੰਡਾ ਰਹੇ ਨੇ
ਬਿਨਾਂ ਲਾਲਚੋਂ ਜਿਵੇਂ ਵਿਦਵਾਨ ਬੰਦੇ, ਆਮ ਲੋਕਾਂ ਨੂੰ ਇਲਮ ਵਰਤਾ ਰਹੇ ਨੇ

ਲੱਗੇ ਫਲ, ਜ਼ਮੀਨ ਵੱਲ ਝੁਕੇ ਪੌਦੇ, ਆਉਂਦੇ ਜਾਂਦੇ ਦੇ ਵੱਟੇ ਸਹਾਰਦੇ ਨੇ
ਜਿੱਦਾਂ ਜਾਹਲਾਂ ਅੱਗੇ ਸ਼ਰੀਫ਼ਜ਼ਾਦੇ, ਨੀਂਵੇਂ ਹੋ ਕੇ ਵਕਤ ਗੁਜ਼ਾਰਦੇ ਨੇ

ਸਾਵਣ ਵਿੱਚ ਬਹਾਰ ਕਮਾਲ ਦੀ ਏ, ਮੈਂ ਕੁਰਬਾਨ ਜਾਵਾਂ ਇਸ ਬਹਾਰ ਉੱਤੇ
ਰੁੱਤਾਂ ਪਰਤ ਕੇ ਆਉਂਦੀਆਂ ਯਾਰ ‘ਦੀਪਕ’, ਮੋਏ ਪਰਤਦੇ ਨਹੀਂ ਸੰਸਾਰ ਉੱਤੇ

ਕਵੀ ਸੂਚੀ 'ਤੇ ਜਾਓ


---------------
ਖ਼ਾਬ
---------------
ਇੰਦਰਜੀਤ ਨੰਦਨ

ਖ਼ਾਬ ਪੱਤੇ ਤੋਂ ਤਿਲਕ
ਜਾ ਮਿਲਦਾ
ਧਰਤੀ 'ਤੇ ਪਈਆਂ
ਮੋਟੀਆਂ ਕਣੀਆਂ 'ਚ
ਉੱਠਦੇ ਬੁਲਬੁਲਿਆਂ 'ਚ...
ਬਾਰਿਸ਼ ਵਕਤ ਬੇ-ਵ
ਕਤ
ਆ ਹੀ ਜਾਂਦੀ
ਬੜਾ ਕੁਝ ਸੁੰਭਰਣ
ਮਨ ਦਾ ਕੂੜਾ
ਸਾਫ਼ ਕਰਨ
ਖ਼ਾਮੋਸ਼ ਬੱਦਲਾਂ 'ਚ
ਬਿਜਲੀ ਭਰਨ
ਤੇ ਅਸਮਾਨ ਉੱਪਰ
ਸਤਰੰਗੀ ਵਿਛ ਜਾਂਦੀ
ਪੱਤਿਆਂ ਨੂੰ ਨਵੀਂ
ਦਿੱਖ ਮਿਲ ਜਾਂਦੀ
ਰੋਮਾਂ 'ਚੋਂ ਜਿਉਂ
ਮੁਹੱਬਤ ਜੀਅ ਉੱਠਦੀ
ਹਰ ਕੋਈ
ਰੁਮਾਨੀ ਹੋ ਹੋ ਜਾਂਦਾ
ਅੱਖਾਂ 'ਚ ਸੁਰਮੇ ਦੀ ਨਹੀਂ
ਉਡੀਕ ਦੀ ਧਾਰੀ ਫਿਰਦੀ
ਕਦ ਇਹ ਕੱਜਲ
ਕੋਈ ਆਪਣੀਆਂ ਕੂਲੀਆਂ ਛੋਹਾਂ ਨਾਲ
ਪੂੰਝ ਦਏਗਾ ਆ
ਤੇ ਭਰ ਦਏਗਾ
ਗੂੜ੍ਹੇ ਗੂੜ੍ਹੇ ਲਾਲ ਡੋਰੀਏ....!!
ਖ਼ਾਬ ਹੀ ਤਾਂ ਨੇ
ਜੋ ਤਿਲਕ ਕੇ ਵੀ
ਆਪਣੇ ਹੀ ਰਹਿੰਦੇ
ਮੀਂਹ ਦੀਆਂ ਬੂੰਦਾਂ 'ਚ
ਧਰਤੀ 'ਤੇ ਨੱਚਦੇ-ਨੱਚਦੇ
ਦੂਰ ਚਲੇ ਜਾਂਦੇ
ਪ੍ਰੇਮ ਸੰਦੇਸ਼ੇ ਦੇਣ...
ਖ਼ਾਬ ਪੱਤਿਆਂ ਤੋਂ ਤਿਲਕਦੇ
ਤਾਂ ਜੀਣ ਦੇ ਸਬੱਬ ਹੀ
ਹੋਰ ਹੋ ਜਾਂਦੇ..।

ਕਵੀ ਸੂਚੀ 'ਤੇ ਜਾਓ

--------------------------
ਬਰਸਾਤ ਵਿੱਚ
--------------------------
ਹਰਪਿੰਦਰ ਰਾਣਾ

ਬਰਸਾਤ ਸੀ ਮੇਰੇ ਲਈ
ਆਨੰਦ ਦਾ ਸੋਮਾ
ਝਮੇਲਾ ਉਸ ਲਈ
ਕੋਠੇ ਖੜ੍ਹੀ ਜੋ ਮੁੰਦਦੀ ਸੀ
ਪੇਤਲੀ ਛੱਤ ਆਪਣੀ
ਮੈ ਕਲਾਵੇ ਭਰ ਰਹੀ ਸਾਂ
ਖੋਲ੍ਹ ਕੇ ਬਾਹਾਂ ਜਦੋਂ ਬਰਸਾਤ ਨੂੰ
ਉਹ ਖੜ੍ਹੀ ਬੇ-ਵੱਸ ਹੋਈ ਆਖਦੀ
ਬਰਸਾਤ ਕੇਹੀ ਆ ਗਈ
ਮੈਂ ਖੀਰ ਮਾਹਲ ਪੂੜਿਆਂ ਦਾ
ਲੈ ਰਹੀ ਸਾਂ ਜ਼ਾਇਕਾ
ਉਹ ਬੈਠ ਕੇ ਗਿੱਲੇ ਹੋਏ
ਚੁੱਲ੍ਹੇ 'ਚ ਫੂਕਾਂ ਮਾਰਦੀ
ਧੂੰਏਂ 'ਚ ਅੱਖਾਂ ਗਾਲਦੀ
ਬੱਦਲਾਂ ਨੂੰ ਬਸ ਬਸ ਆਖਦੀ
ਬਰਸਾਤ ਕੇਹੀ ਆ ਗਈ
ਕੁਝ ਫ਼ਿਕਰ ਘਰ ਢਹਿ ਜਾਣ ਦਾ
ਕੁਝ ਖਾਣ ਦਾ ਸੰਸਾ ਪਿਆ
ਕਰ ਰਹੀ ਅਰਦਾਸ ਹੁਣ
ਨਾ ਥੰਮ੍ਹਦੀ ਬਰਸਾਤ ਹੁਣ
ਮੁੱਖ 'ਤੇ ਉਦਾਸੀ ਛਾ ਗਈ
ਬਰਸਾਤ ਕੇਹੀ ਆ ਗਈ...

ਕਵੀ ਸੂਚੀ 'ਤੇ ਜਾਓ

--------------------
ਕਿਣ-ਮਿਣ
--------------------
ਗੁਰਪਰੀਤ ਕੌਰ

ਰਾਤੀ ਕਿਣ-ਮਿਣ ਹੋਈ
ਸਭ ਕੁਝ ਭਿੱਜਿਆ....

ਵਾਰੋ-ਵਾਰੀ ਸਭ ਕੁਝ ਭਿੱਜਿਆ…
ਸੁਰ' ਤੇ ਸਾਜ਼
ਲੈਅ 'ਤੇ ਤਾਲ ਭਿੱਜੇ..

ਸ਼ਬਦ ਭਿੱਜੇ…
ਅਰਥ ਨਵੇ-ਨਕੋਰ ਹੋਏ

ਬੋਲ ਭਿੱਜੇ…
ਚੁੱਪ ਕਲਮ-ਕੱਲੀ ਹੋਈ..

ਤਨ ਭਿੱਜਿਆ…
ਮਨ ਤਰੋ-ਤਾਜ਼ਾ ਹੋਇਆ

ਰੁੱਖ ਦੇ ਪੱਤੇ ਭਿੱਜੇ…
ਰੁਮਕਦੀ ਪੌਣ ਦੇ ਵਸਤਰ ਭਿੱਜੇ

ਚਾਣਨੀ ਦਾ ਚਾਣਨ ਭਿੱਜਿਆ ..
ਤਾਰਿਆ ਦੀ ਲੋਅ

ਵਿਹੜੇ 'ਚ ਖਲੋਤੇ
ਅਡੋਲ ਅਹਿੱਲ' ਬੁੱਤ ਦੇ ਅਥੱਰੂ ਭਿੱਜੇ..

ਵਾਰੋ-ਵਾਰੀ ਸਭ ਕੁਝ ਭਿੱਜਿਆ...

ਰਾਤੀ ਕਿਣ-ਮਿਣ ਹੋਈ
ਸਭ ਕੁਝ ਭਿੱਜਿਆ..

ਕਵੀ ਸੂਚੀ 'ਤੇ ਜਾਓ

---------------------
ਕੁਦਰਤ
---------------------
ਅਮੀਆ ਕੁੰਵਰ

ਮੀਂਹ ਵਰ੍ਹ ਰਿਹਾ
ਅਰੁੱਕ, ਲਗਾਤਾਰ
ਇਸ਼ਨਾਉਂਦੀਆਂ ਸੜਕਾਂ ਨੂੰ ਨਿਹਾਰਦੀ
ਭਿੱਜ ਰਹੀ ਮਿੱਟੀ
ਸੌਂਧੀ ਖ਼ੁਸ਼ਬੂ ਖਿਲਾਰਦੀ
ਮੌਲ ਰਿਹਾ ਵਣ-ਤ੍ਰਿਣ
ਗਾ ਰਹੀ ਕੁਦਰਤ ਮੇਘ ਮਲਹਾਰ
ਭਰ ਰਿਹਾ ਸੁਰਖ਼ ਪਲਾਸ਼
ਅੰਬਰ ਭਾਅ ਦੇਵੇ ਤੜਕਸਾਰ
ਢਲਦੀ ਦੁਪਹਿਰ ਦੀ ਪੀਲੀ ਧੁੱਪ ਜਿਹੇ
ਹਲਦੀ ਰੰਗੇ ਅਮਲਤਾਸ ਦੇ ਗੁੱਛੇ
ਝੂੰਮਣ ਪੁਲਾੜ ਦੇ ਪਾਰਲੇਪਾਰ
ਸ਼ਾਮ ਦੀ ਸੁਰਮਈ ਲਾਲ ਨੂੰ ਝਾਤ ਆਖਦਾ
ਨੱਚ ਰਿਹਾ ਗੁਲਮੋਹਰ ਹੋ ਕੇ ਨੰਗ ਮਨੰਗ
ਕਿਹੋ ਜਿਹਾ ਲੱਗਦਾ ਹੈ...?
ਰਾਤ ਦੀ ਕਾਲਖ਼ 'ਚ
ਖਿੜ ਰਹੀ ਚਾਂਦਨੀ ਦਾ ਦੋਧੀ ਰੰਗ
ਪ੍ਰਿਜ਼ਮ 'ਚੋਂ ਨਿੱਖੜੇ
ਇਹ ਸੱਭੇ ਰੰਗ
ਸਵੇਰ ਹੁੰਦੇ ਹੀ
ਦੁਪਹਿਰ-ਖਿੜੀ 'ਚ ਲੈ ਆਵਣ ਬਹਾਰ...
ਪ੍ਰਕ੍ਰਿਤੀ ਤੇਰੇ ਹਰ ਰੂਪ ਦੀ ਸ਼ੈਦਾਈ
ਤੇਰੇ ਜਲੌ ਸਾਹਵੇਂ
ਸਿਰ ਨਿਵਾਈ
ਮੌਨ-ਸੁਰ ਅਲਾਪ ਰਹੀ
ਸਲਾਮ ਸਲਾਮ ਤੈਨੂੰ ਆਖ ਰਹੀ...।

ਕਵੀ ਸੂਚੀ 'ਤੇ ਜਾਓ

---------------------
ਪਿਆਰ ਭਰੀਆਂ
---------------------
ਸਿਮਰਤ ਗਗਨ

ਮੈਂ ਤੇ ਬਾਰਿਸ਼ ਬੈਠੇ ਹੋਏ ਹਾਂ
ਤੇਰੇ ਖ਼ਿਆਲ ਵਿਚ
ਪਿਆਰ ਨਾਲ ਭਰੀਆਂ
ਅਸੀਂ ਦੋਵੇਂ ਵਰ੍ਹ ਰਹੀਆਂ
ਛਮ-ਛਮ...

ਮੇਰੇ ਪੈਰੀਂ
ਕਣੀਆਂ ਦੀ ਪਾਜ਼ੇਬ
ਮੇਰੇ ਤਨ, ਬੂੰਦਾਂ ਦੇ ਗਹਿਣੇ
ਬਰਸਾਤ-
ਸਵਾਰ ਰਹੀ ਹੈ ਮੈਨੂੰ
ਰੂਹ ਪੁਕਾਰ ਰਹੀ ਹੈ ਤੈਨੂੰ...

ਖੜ੍ਹੇ ਪਾਣੀਆਂ ਉੱਤੇ
ਬੂੰਦਾਂ, ਬੁਲਬੁਲੇ ਨੱਚ ਰਹੇ ਨੇ
ਵਾਰ ਵਾਰ ਟੁੱਟਦੇ ਬਣਦੇ ਮੇਰੇ ਵਾਂਗ
ਹੱਸ ਰਹੇ ਨੇ...

ਮੈਂ ਤੇ ਬਾਰਿਸ਼
ਤੇਰੇ ਚੇਤੇ ਨਾਲ ਭਿੱਜੇ ਹੋਏ
ਤੇਰੀ ਯਾਦ ਵਿਚ ਰੁੱਝੇ ਹੋਏ
ਬਸ ਵਰ੍ਹ ਰਹੇ ਹਾਂ
ਛਮ...
ਛਮ...
ਛਮ...

ਕਵੀ ਸੂਚੀ 'ਤੇ ਜਾਓ

----------------------
ਗ਼ਜ਼ਲ
----------------------
ਇਕਵਿੰਦਰ 'ਪੁਰਹੀਰਾਂ'

ਝੌਂਪੜੀਆਂ ਨੇ ਰੋਣਾ ਏਂ ਬਰਸਾਤਾਂ ਨੂੰ,
ਮਹਿਲਾਂ ਨੇ ਖੁਸ਼ ਹੋਣਾ ਏਂ ਬਰਸਾਤਾਂ ਨੂੰ।

ਕੱਚੇ ਘਰ ਨੇ ਚੋਣਾ ਏਂ ਬਰਸਾਤਾਂ ਨੂੰ,
ਜਲ-ਥਲ-ਜਲ ਹੋਣਾ ਏਂ ਬਰਸਾਤਾਂ ਨੂੰ।

ਖੂੰਜੇ ਲੱਗ ਕੇ ਸਾਰੀ ਰਾਤ ਗੁਜ਼ਾਰਾਂਗੇ,
ਸਾਡਾ ਘਰ ਵੀ ਚੋਣਾ ਏਂ ਬਰਸਾਤਾਂ ਨੂੰ।

ਕਾਲੇ ਬੱਦਲਾਂ 'ਚੋਂ ਜਦ ਬਿਜਲੀ ਚਮਕੇਗੀ,
ਦਿਲ ਵਿਚ ਕੁਛ-ਕੁਛ ਹੋਣਾ ਏਂ ਬਰਸਾਤਾਂ ਨੂੰ।

ਉਹਨਾਂ ਨੇ ਕੀ ਲੈਣਾ ਘੋਰ ਘਟਾਵਾਂ ਤੋਂ?
ਜਿਹਨਾਂ ਬੇ-ਘਰ ਹੋਣਾ ਏਂ ਬਰਸਾਤਾਂ ਨੂੰ।

ਸੁੱਕਿਆਂ ਬੁਲ੍ਹਾਂ ਵਾਲੀਆਂ ਨੀਲੀਆਂ ਝੀਲਾਂ ਦਾ,
ਰੂਪ ਅਲੱਗ ਹੀ ਹੋਣਾ ਏਂ ਬਰਸਾਤਾਂ ਨੂੰ।

ਜਦੋਂ ਪਪੀਹੇ ਨੇ ਸੁਣਨੀ ਹੈ ਛਮ-ਛਮ-ਛਮ,
ਸ਼ਹਿਦ ਲਬਾਂ 'ਚੋਂ ਚੋਣਾ ਏਂ ਬਰਸਾਤਾਂ ਨੂੰ।

ਦੋਹਰੀਆਂ ਪੀਂਘਾਂ ਨੇ ਜਦ ਪੈਣਾ ਸ਼ਾਮ ਢਲੇ,
ਖ਼ੂਬ ਨਜ਼ਾਰਾ ਹੋਣਾ ਏ ਬਰਸਾਤਾਂ ਨੂੰ।

ਦਿਲ ਦੀਆਂ ਕੰਧਾਂ ਤੀਕ ਸਲ੍ਹਾਬਾ ਚੜ੍ਹ ਜਾਣਾ,
ਭਿੱਜਣਾ ਹਰ ਇਕ ਕੋਣਾ ਏਂ ਬਰਸਾਤਾਂ ਨੂੰ।

ਦਿਲ ਦੀ ਕੋਇਲ ਕੂਕੇ ਹੁਣ ਤਾਂ ਇਕਲਾਪਾ,
ਸਹਿਣਾ ਮੁਸ਼ਕਿਲ ਹੋਣਾ ਏਂ ਬਰਸਾਤਾਂ ਨੂੰ।
ਬੰਦ ਲਿਫ਼ਾਫੇ ਦੇ ਵਿਚ ਛਤਰੀ ਕੀ ਜਾਣੇ,
ਉਸ ਦਾ ਹਾਲ ਕੀ ਹੋਣਾ ਏਂ ਬਰਸਾਤਾਂ ਨੂੰ।

ਇਕ ਦੂਜੇ ਦੇ ਪਿੱਛੇ ਨੱਸਣਾ ਬੱਦਲਾਂ ਨੇ,
ਖ਼ੂਬ ਤਮਾਸ਼ਾ ਹੋਣਾ ਏਂ ਬਰਸਾਤਾਂ ਨੂੰ।

ਜਿਸਦੀ ਪਿਆਸ ਬੁਝੀ ਨਾ ਸਾਉਣ ਮਹੀਨੇ ਵੀ,
ਉਸ ਬਿਰਹਨ ਨੇ ਰੋਣਾ ਏਂ ਬਰਸਾਤਾਂ ਨੂੰ।

ਇਸ ਮਹਿਫ਼ਿਲ ਵਿਚ ਜੋ-ਜੋ ਕਹਿਣਾ ਮੁਸ਼ਕਲ ਹੈ,
ਉਹ-ਉਹ ਕੁਛ ਵੀ ਹੋਣਾ ਏਂ ਬਰਸਾਤਾਂ ਨੂੰ।

ਧੂੜ 'ਚ ਲਥ-ਪਥ ਅਪਣਾ ਰੂਪ ਸੰਵਾਰਨ ਲਈ,
ਸੜਕਾਂ ਨੇ ਮੂੰਹ ਧੋਣਾ ਏਂ ਬਰਸਾਤਾਂ ਨੂੰ।

ਮੋਰਾਂ ਨੇ ਤੇ ਮੋਰਨੀਆਂ ਨੇ 'ਇਕਵਿੰਦਰ',
ਢੁਕ-ਢੁਕ ਨੇੜੇ ਹੋਣਾ ਏਂ ਬਰਸਾਤਾਂ ਨੂੰ

ਕਵੀ ਸੂਚੀ 'ਤੇ ਜਾਓ

---------------
ਬਾਰਿਸ਼
----------------
ਨੀਲੂ ਹਰਸ਼

1.
ਕੋਰੀ ਧਰਤੀ ਭਿੱਜ ਗਈ
ਦੇਹ ਸਾਡੀ ਰਿੱਝ ਗਈ
ਮਨ ਪਪੀਹਾ ਬਣ ਗਿਆ
ਰੂਹ ਸਾਡੀ ਸਿੰਜ ਗਈ
2.
ਲੋਬਾਨ ਜਿਹੇ ਮਹਿਕਦੇ ਸਾਹ
ਕੁਆਰੀ ਬਾਰਿਸ਼ 'ਚ
ਕੁਝ ਭਿੱਜੇ ਕੁਝ ਸੁੱਕੇ ਰਹਿ
ਸੂਰਜ ਨਿਕਲਦੇ ਹੀ
ਆਪਣੇ ਇੰਦਰਧਨੁ਼ਸ਼ ਨੂੰ
ਲੱਭਦੇ ਫਿਰਨ...।

ਕਵੀ ਸੂਚੀ 'ਤੇ ਜਾਓ

---------------
ਗ਼ਜ਼ਲ
----------------
ਜਸਵਿੰਦਰ ਮਹਿਰਮ

ਮਸਤ ਹਵਾ ਤੇ ਕਾਲੇ ਬੱਦਲ, ਮੌਸਮ ਹੈ ਬਰਸਾਤਾਂ ਦਾ।
ਤਾਂਹੀ ਹਰ ਪਾਸੇ ਹੈ ਹਲਚਲ, ਮੌਸਮ ਹੈ ਬਰਸਾਤਾਂ ਦਾ।

ਰੋਜ਼ ਕਿਤੇ ਕਰ ਦਿੰਦਾ ਜਲਥਲ, ਮੌਸਮ ਹੈ ਬਰਸਾਤਾਂ ਦਾ।
ਗਲੀਆਂ ਵਿਚ ਚਿੱਕੜ ਤੇ ਦਲਦਲ, ਮੌਸਮ ਹੈ ਬਰਸਾਤਾਂ ਦਾ।

ਪੱਤਾ ਪੱਤਾ ਡਾਲੀ ਡਾਲੀ, ਹਰਿਆਲੀ ਹਰਿਆਲੀ ਹੈ,
ਬਸਤੀ ਬਸਤੀ ਜੰਗਲ ਜੰਗਲ, ਮੌਸਮ ਹੈ ਬਰਸਾਤਾਂ ਦਾ।

ਮੀਂਹ ਦਾ ਪਾਣੀ ਨਦੀਆਂ, ਨਹਿਰਾਂ, ਝਰਨੇ ਬਣਕੇ ਤੁਰਿਆ ਜਦ,
ਇਸ ਨੇ ਕਰਨਾ ਕਲਵਲ ਕਲਵਲ, ਮੌਸਮ ਹੈ ਬਰਸਾਤਾਂ ਦਾ।

ਫ਼ਰਕ ਨਾ ਮੌਸਮ ਦਾ ਤਕੜੇ ਨੂੰ, ਮਾੜੇ ਹਾਲ ਗ਼ਰੀਬਾਂ ਦੇ,
ਖਾਣਾ ਪੀਣਾ ਜੀਣਾ ਮੁਸ਼ਕਿਲ, ਮੌਸਮ ਹੈ ਬਰਸਾਤਾਂ ਦਾ।

ਰਲ ਮਿਲ ਕੁੜੀਆਂ ਪੀਂਘਾਂ ਝੂਟਣ, ਗੀਤ ਖੁਸ਼ੀ ਦੇ ਗਾਵਣ, ਹੁਣ,
ਮਸਤੀ ਵਿੱਚ ਬੀਤਣਗੇ ਕੁਝ ਪਲ, ਮੌਸਮ ਹੈ ਬਰਸਾਤਾਂ ਦਾ।

ਖੇਤਾਂ ਵਿੱਚ ਖ਼ੁਸ਼ ਖ਼ੁਸ਼ ਨੇ ਫ਼ਸਲਾਂ, ਮੋਰ ਪਪੀਹੇ ਬਾਗਾਂ ਵਿੱਚ,
ਮੇਰਾ ਵੀ ਕਿਉਂ ਮਚਲੇ ਨਾ ਦਿਲ? ਮੌਸਮ ਹੈ ਬਰਸਾਤਾਂ ਦਾ।

ਮਾਹੀ ਵੇ ਤੂੰ ਛੁੱਟੀ ਲੈ ਕੇ ਘਰ ਨੂੰ ਆ ਜਾ, ਤੇਰੇ ਬਿਨ,
ਮੈਨੂੰ ਜੀਣਾ ਲਗਦੈ ਮੁਸ਼ਕਿਲ, ਮੌਸਮ ਹੈ ਬਰਸਾਤਾਂ ਦਾ।

ਬਿਜਲੀ ਲਿਸ਼ਕੇ ਲੇਕਿਨ ਬੱਦਲ ਬਿਨ ਬਰਸੇ ਹੀ ਉਡ ਜਾਂਦੈ,
ਫਗਵਾੜੇ ਵਿੱਚ ਏਦਾਂ ਅੱਜ ਕੱਲ੍ਹ , ਮੌਸਮ ਹੈ ਬਰਸਾਤਾਂ ਦਾ।

ਖ਼ੁਦ ਨੂੰ ਸ਼ਾਇਰ ਸਮਝ ਰਿਹਾਂ ਜੇ, ਐ ‘ਮਹਿਰਮ’ ਬਰਸਾਤਾਂ ’ਤੇ,
ਲਿਖ ਦੇ ਗੀਤ, ਕਬਿੱਤ, ਗ਼ਜ਼ਲ, ਚੱਲ, ਮੌਸਮ ਹੈ ਬਰਸਾਤਾਂ ਦਾ।

ਕਵੀ ਸੂਚੀ 'ਤੇ ਜਾਓ


---------------
ਤਿਲਕਣ
----------------
ਅਰਤਿੰਦਰ ਸੰਧੂ

ਕਿਤੇ ਦੂਰ ਸ਼ਹਿਰ ਘੁੰਮਦੇ
ਭਰਮਾਉਂਦੇ ਮਨ ਨੂੰ
ਮੁਹਲੇਧਾਰ ਬਾਰਿਸ਼ ਦੇ
ਭਰੇ ਭਰੇ ਪਾਰਦਰਸ਼ੀ
ਤਲਿੱਸਮੀ ਜਲ ਕਤਰੇ
ਵਰ੍ਹਦੇ, ਉੱਛਲਦੇ
ਖਿੱਲਰਦੇ, ਜੁੜਦੇ
ਨਿੱਕੇ-ਨਿੱਕੇ ਨੀਰੀ ਮੋਤੀ
ਪਸਾਰਦੇ ਮਦਮਸਤ ਜਿਹੀ ਧੁੰਦ

ਇਸ ਜਲਤਰੰਗੀ ਕਿਣਮਿਣੀਂ
ਨਾਦ ਸੰਗ ਰੁਮਾਂਚਿਤ
ਸੰਤ੍ਰਿਪਤ ਅਲਮਸਤ
ਭਰੇ ਭਰੇ ਸ਼ੀਤਲ ਫੰਭੇ
ਨਸ਼ਿਆਈ ਪੌਣ ਦੇ
ਖਹਿੰਦੇ ਕਿਸੇ ਬਿਰਖ਼
ਪੱਤੇ ਕਦੇ ਕੰਧ ਨਾਲ
ਸੰਚਾਰਦੇ, ਸਰਸ਼ਾਰ ਜਾਦੂ
ਤਾਂ ਆਉਂਦਾ ਯਾਦ ਮੈਨੂੰ
ਸ਼ਹਿਰ ਮੇਰਾ
ਫੈਲ ਰਿਹਾ ਹੋਵੇ
ਉੱਥੇ ਵੀ ਕਾਸ਼!
ਅਨੂਠਾ ਕਰਿਸ਼ਮੀ ਜਲਵਾ ਇਹ

ਕਦੇ ਸ਼ਹਿਰ ਵਿਚ ਹੋਵਾਂ ਜਦ
ਟਕਰਾਵੇ ਆ ਕੇ ਉਂਝ ਹੀ
ਛਹਿਬਰ ਛਿੰਝੀ
ਭਿੱਜੀ ਪਾਗਲ ਹਵਾ
ਤਾਂ ਪਹੁੰਚ ਜਾਵਾਂ ਸੁੱਧੇ ਸਿੱਧ
ਦੂਰ ਸ਼ਹਿਰ ਦੇ
ਉਸੇ ਕੈਨਵਸ ਵਿਚ
ਕਰਾਂ ਯਾਦ ਉਹੀ ਬਾਰਿਸ਼
ਤੇ ਉਂਝ ਦੇ ਹੋਰ ਪਲ਼
ਮਿਲਦੇ ਮਿਲਦੇ ਜਿਨ੍ਹਾਂ ਨੂੰ
ਨਿਕਲ ਜਾਂਦੇ ਹਾਂ ਕਤਰਾਅ ਕੇ ਸਦਾ
ਤੇ ਚਿਤਵਦੇ ਵੀ ਰਹਿੰਦੇ
ਉਨ੍ਹਾਂ ਦੀ ਹੀ ਸੇਜਲਤ

ਕਵੀ ਸੂਚੀ 'ਤੇ ਜਾਓ

---------------
ਬਾਰਿਸ਼
----------------
ਗੁਰਸ਼ਰਨਜੀਤ ਸਿੰਘ ਸ਼ੀਂਹ

ਘਨਘੋਰ ਘਟਾਵਾਂ ਛਾਈਆਂ ਨੇ ,ਮੋਰਾਂ ਨੇ ਪੈਲਾਂ ਪਾਈਆਂ ਨੇ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!

ਰੱਬ ਕਰੇ ਇਹ ਸਾਰੀ ਬਾਰਿਸ਼ ਮੇਰੇ ਦਿਲ ਦੇ ਵਿਹੜੇ ਵਰ੍ਹ ਜਾਵੇ
ਹੂੰਝ ਲਵੇ ਸਭ ਬਚੀਆਂ ਯਾਦਾਂ, ਕੰਮ ਕੋਈ ਐਸਾ ਕਰ ਜਾਵੇ
ਗਰਜਦੇ ਬਦਲ ਤੱਕ ਕੇ ਜਾਪੇ, ਕਿ ਇਹ ਕੁੱਝ ਨਾ ਕੁੱਝ ਤਾਂ ਧੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!


ਇਸ ਬਾਰਿਸ਼ ਪਿੱਛੋਂ ਬੀਅ ਦਰਦਾਂ ਦੇ ਇੱਕ-ਇੱਕ ਕਰ ਕੇ ਫੁੱਟਣਗੇ
ਘੇਰ ਕੇ ਮੈਨੂੰ ਕੱਲਾ ਕਿੱਧਰੇ, ਮੇਰੇ ਆਸੇ ਪਾਸੇ ਜੁੱਟਣਗੇ
ਕੋਈ ਵੇਲ ਦਰਦਾਂ ਦੀ ਨਿਕਲ ਜਿੰਨਾਂ ਚੋਂ, ਮੇਰੀ ਰੂਹ ਨੂੰ ਲਿਪਟ ਕੇ ਸੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!

ਜਾਂ ਫਿਰ ਮੈਂ ਜਾ ਕਿਸੇ, ਖੁੱਲੇ ਮੈਦਾਨ ਚ' ਖਲੋਵਾਂਗਾ
ਘੁਲ ਜਾਵਣਗੇ ਮੇਰੇ ਹੰਙੂ ਮੀਂਹ ਵਿੱਚ, ਮੈਂ ਜੀ ਭਰ ਕੇ ਰੋਵਾਂਗਾ
ਪਤਾ ਹੈ ਮੈਨੂੰ ਅੱਜ ਉਹ ਵੀ ਕਿਧਰੇ, ਇੰਙ ਮੇਰੇ ਵਾਂਗ ਹੀ ਰੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!

ਸੱਜਣਾਂ ਸੰਗ ਜੋ ਦਿਨ ਸੀ ਬੀਤੇ, ਲੱਗਦੈ ਯਾਦ ਕਰਾਊ ਬਾਰਿਸ਼
ਮੈਨੂੰ ਉਹਤੋਂ ਵੱਖ ਹੋਵਣ ਦਾ, ਅੱਜ ਰੱਜ ਕੇ ਅਹਿਸਾਸ ਕਰਾਊ ਬਾਰਿਸ਼
ਫਿਰ ਆ ਕੇ ਮੇਰੇ ਸੁਪਨੇ ਦੇ ਵਿੱਚ, ਕੋਲ ਉਹ ਮੇਰੇ ਖਲੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!

ਉਹਨੇ ਦਿਲ ਚੋਂ ਮੈਨੂੰ ਕੱਢ ਦਿੱਤਾ, ਮੈਂ ਭੁਲਾ ਓਸ ਨੂੰ ਪਾਇਆ ਨਹੀਂ
ਮੇਰੇ ਦਿਲ ਚ ਪਈ ਉਹਦੀ ਥਾਂ ਖਾਲੀ, ਕੋਈ ਬੈਠ ਓਸ ਥਾਂ ਪਾਇਆ ਨਹੀਂ
ਦਿਲ ਕਹਿੰਦਾ ਕਿਸੇ ਦਿਨ ਉਹ ਆਪੇ, ਹੀ ਇਸ ਖਾਲੀ ਥਾਂ ਨੂੰ ਟੋਹੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!

ਮੈਂ ਬਾਰਿਸ਼ ਹਟੀ ਤੋਂ ਰਲ ਬੱਚਿਆਂ ਸੰਗ, ਬੋਝਾ ਆਪਣੇ ਸਿਰ ਦਾ ਉਤਾਰ ਦਿਊ
ਬਣਾ ਕਿਸ਼ਤੀ ਉਹਦੇ ਖਤਾਂ ਦੀ ਮੈਂ, ਇਕ ਇਕ ਕਰਕੇ ਹਾੜ ਦਿਊ
ਕੋਈ ਨਿੱਕੀ ਬੱਚੀ ਸੰਗ ਸ਼ਰਾਰਤ ਦੇ, ਜਦ ਕਿਸ਼ਤੀਂਆਂ ਉਹੋ ਡੁਬੋਏਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!

ਉਹਨੂੰ ਜਦ ਗਲਤੀ ਦਾ ਅਹਿਸਾਸ ਹੋਊ, ਸਭ ਛੱਡ ਛਡਾ ਕੇ ਆਊਗੀ
ਮੈਂ ਰੱਜ ਕੇ ਕਰਨੇ ਨਖਰੇ ਨੇ, ਹੱਥ ਜੋੜ ਕੇ ਮੈਨੂੰ ਮਨਾਊਗੀ
ਉਦੋਂ ਲਾ ਕੇ ਹਿੱਕ ਨਾਲ "ਸ਼ਰਨ" ਉਹ, ਹੰਝੂਆਂ ਦੇ ਹਾਰ ਪਰੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ , ਅੱਜ ਲਗਦੈ ਬਾਰਿਸ਼ ਹੋਵੇਗੀ !!

ਕਵੀ ਸੂਚੀ 'ਤੇ ਜਾਓ
10:57 PM | 3 comments

ਜੂਨ-ਜੁਲਾਈ ਅੰਕ: ਬਚਪਨ

Written By ਲਫ਼ਜ਼ਾਂ ਦਾ ਸੇਵਾਦਾਰ on Friday, July 17, 2009 | 10:45 AM

ਪੰਜਾਬੀ ਪਿਆਰਿਓ! ਕਾਵਿ-ਸੰਵਾਦ ਆਪਣੇ ਛੇਵੇਂ (ਜੂਨ-ਜੁਲਾਈ) ਅੰਕ ਨਾਲ ਇਕ ਨਵੇਂ ਮੋੜ ਤੇ ਪਹੁੰਚ ਗਿਆ ਹੈ। ਇਸ ਵਾਰ ਦੀ ਖ਼ਾਸਿਅਤ ਇਹ ਹੈ ਕਿ ਕਾਵਿ-ਸੰਵਾਦ ਦੇ ਇਸ ਅੰਕ ਵਿਚ ਸ਼ਾਮਿਲ ਹੋਏ ਜਿਆਦਾਤਰ ਸਾਥੀ ਇੰਟਰਨੈੱਟ ਅਤੇ ਕੰਪਿਊਟਰ ਨਾਲ ਹਾਲੇ ਕੋਈ ਵਾਹ-ਵਾਸਤਾ ਨਹੀਂ ਰੱਖਦੇ। ਸਾਡੀ ਸੁਹਿਰਦ ਸਾਥੀ ਅਤੇ ਕਵਿੱਤਰੀ ਇੰਦਰਜੀਤ ਨੰਦਨ ਦੇ ਉਤਸ਼ਾਹਤ ਕਰਨ ਤੇ ਇਨ੍ਹਾਂ ਚਰਚਿਤ ਕਵੀਆਂ ਨੇ ਲਫ਼ਜ਼ਾਂ ਦਾ ਪੁਲ ਦੇ ਇਸ ਉਪਰਾਲੇ ਵਿਚ ਯੋਗਦਾਨ ਦੇਣ ਦਾ ਫੈਸਲਾ ਕੀਤਾ। ਜੇ ਇੰਝ ਕਹੀਏ ਕਿ ਨੰਦਨ ਦੇ ਸਹਿਯੌਗ ਬਿਨ੍ਹਾਂ ਇਹ ਅੰਕ ਸੰਭਵ ਹੀ ਨਹੀਂ ਸੀ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਵੇਂ ਅਸੀ ਇਹ ਅੰਕ ਬਹੁਤ ਦੇਰ ਨਾਲ(ਦੋ ਮਹੀਨਿਆਂ ਦਾ ਸਾਂਝਾ)ਕੱਢ ਰਹੇ ਹਾਂ, ਪਰ ਸਾਨੂੰ ਖੁਸ਼ੀ ਹੈ ਕਿ ਇੰਰਦਜੀਤ ਨੰਦਨ ਵਰਗੀ ਕਵਿੱਤਰੀ ਸਾਨੂੰ ਬਤੌਰ ਸੰਪਾਦਕ ਵੀ ਮਿਲੀ ਅਤੇ ਉਹ ਕਵੀ ਜਿਹੜੇ ਆਪਣੀਆਂ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਰਾਹੀ ਆਪਣੇ ਪਾਠਕਾਂ ਨਾਲ ਜੁੜੇ ਹਨ, ਉਨ੍ਹਾਂ ਨੇ ਵੀ ਪੰਜਾਬੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਲਈ ਲਫ਼ਜ਼ਾਂ ਦਾ ਪੁਲ ਦੇ ਥੰਮ੍ਹ ਬਣਨ ਦਾ ਫੈਸਲਾ ਕੀਤਾ ਹੈ। ਇਹ ਲਫ਼ਜ਼ਾਂ ਦਾ ਪੁਲ ਦੇ ਮਕਸਦ ਨੂੰ ਪੂਰਾ ਕਰਦਾ ਹੋਇਆ ਇਕ ਹੋਰ ਮੀਲ ਪੱਥਰ ਹੈ। ਅਸੀ ਸਮੂਹ ਕਲਮਕਾਰਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਹੁਣ ਤੱਕ ਇਸ ਲੜੀ ਨੂੰ ਤੋਰੀ ਰੱਖਿਆਂ ਹੈ ਤੇ ਪਾਠਕਾਂ ਦੇ ਵੀ ਰਿਣੀ ਹਾਂ, ਜਿਨ੍ਹਾਂ ਨੇ ਹਮੇਸ਼ਾ ਆਪਣੇ ਵਿਚਾਰਾਂ ਅਤੇ ਹੁੰਗਾਰਿਆਂ ਨਾਲ ਸਾਡਾ ਰਾਹ ਰੁਸ਼ਨਾਇਆ ਹੈ। ਭਵਿੱਖ ਵਿੱਚ ਵੀ ਇਸ ਦੀ ਆਸ ਰਹੇਗੀ। ਇਸ ਦੇ ਨਾਲ ਹੀ ਅਸੀ ਹੋਰ ਸਾਥੀਆਂ ਨੂੰ ਕਾਵਿ-ਸੰਵਾਦ ਦੇ ਅਗਲੇ ਅੰਕ ਸੰਪਾਦਿਤ ਕਰਨ ਦਾ ਮੌਕਾ ਦੇਣ ਦਾ ਐਲਾਨ ਕਰਦੇ ਹਾਂ। ਜਿਹੜੇ ਸਾਥੀ ਅਗਲੇ ਅੰਕ ਨੂੰ ਸੰਪਾਦਿਤ ਕਰਨਾ ਚਾਹੁੰਦੇ ਹੋਣ ਉਹ ਛੇਤੀ ਤੋਂ ਛੇਤੀ ਸਾਡੇ ਨਾਲ ਸੰਪਰਕ ਕਰਨ। ਤੁਹਾਡੀਆਂ ਟਿੱਪਣੀਆਂ ਦੀ ਉਡੀਕ ਰਹੇਗੀ


ਅੰਕ-ਛੇਵਾਂ(ਜੂਨ-ਜੁਲਾਈ)
ਵਿਸ਼ਾ-ਬਚਪਨ
ਵਿਸ਼ਾ ਭੇਜਿਆ-ਰਾਜੇਸ਼ ਕੁਮਾਰ
ਸੰਪਾਦਕ-ਇੰਦਰਜੀਤ ਨੰਦਨ
ਬਚਪਨ ਦੇ ਕਵੀ
ਸਵਰਨਜੀਤ ਕੌਰ ਗਰੇਵਾਲ|ਇੰਦਰਜੀਤ ਨੰਦਨ|ਸਿਮਰਤ ਗਗਨ|ਹਰਪਿੰਦਰ ਰਾਣਾ|ਗਗਨਦੀਪ ਸਿੰਘ|ਸਿਮਰਤ ਸਮੈਰਾ|ਨੀਲੂ ਹਰਸ਼|ਧਰਮਪਾਲ ਸਾਹਿਲ|ਸਤੀਸ਼ ਬੇਦਾਗ਼|ਅਨਿਲ ਆਦਮ|ਤਜਿੰਦਰ ਬਾਵਾ|ਸਰੋਦ ਸੁਦੀਪ|ਅਰਤਿੰਦਰ ਸੰਧੂ|ਐਚ. ਐਸ. ਡਿੰਪਲ|





---------------
ਬਚਪਨ
---------------
ਸਵਰਨਜੀਤ ਕੌਰ ਗਰੇਵਾਲ

ਯਾਦਾਂ ਦਾ ਸਰਮਾਇਆ ਬਚਪਨ ।
ਬਿਨ ਨਸ਼ਿਓਂ ਨਸ਼ਿਆਇਆ ਬਚਪਨ ।

ਨਾ ਕੋਈ ਵੈਰੀ ਨਹੀਂ ਬੇਗਾਨਾ,
ਸਭਨਾਂ ਦਾ ਹਮਸਾਇਆ ਬਚਪਨ ।

ਮਾਪੇ ਨਹੀਂ ਕਟੁੰਬ ਵੀ ਸਾਰਾ,
ਉਂਗਲਾਂ ਉੱਤੇ ਨਚਾਇਆ ਬਚਪਨ ।

ਚੰਚਲ, ਸ਼ੋਖੀ, ਬੇਪ੍ਰਵਾਹੀ,
ਨਿਰਛਲ, ਸਭ ਨੂੰ ਭਾਇਆ ਬਚਪਨ ।

ਚਿੰਤਾ, ਫ਼ਿਕਰ ਨਾ ਕੋਹਾਂ ਤਾਈਂ,
ਬਾਦਸ਼ਾਹ ਅਖਵਾਇਆ ਬਚਪਨ ।

ਪਲ ਭਰ ਹੰਝੂ ਛਲਕੇ ਵੀ ਤਾਂ,
ਅਗਲੇ ਪਲ ਮੁਸਕਾਇਆ ਬਚਪਨ ।

ਮੱਥੇ ਮੇਰੇ ਸੋਚ ਸਹਿਕਦੀ,
ਮੈਂਥੇ ਕਿਉਂ ਨਾ ਆਇਆ ਬਚਪਨ ?

ਕਵੀ ਸੂਚੀ 'ਤੇ ਜਾਓ



--------------------------
ਬਚਪਨ ਦੇ ਰੰਗ
--------------------------
ਇੰਦਰਜੀਤ ਨੰਦਨ


ਬੱਚੇ ਹੁਣ
ਮਾਸੂਮ ਨਹੀਂ ਰਹੇ
ਉਹ ਕੰਪਿਊਟਰ ਦੀ ਭਾਸ਼ਾ ਬੋਲਦੇ
ਉਮਰੋਂ ਪਹਿਲਾਂ
ਵੱਡੇ ਹੋ ਗਏ

*

ਮੈਂ ਆਪਣੇ
ਮਾਂ ਬਾਪ ਦੀਆਂ
ਕਈ ਗੱਲਾਂ 'ਚੋਂ
ਭੋਲਾਪਨ ਦੇਖ ਕੇ
ਉਨ੍ਹਾਂ ਦੇ ਬਚਪਨ ਬਾਰੇ
ਸੋਚਣ ਲੱਗ ਜਾਂਦੀ ਹਾਂ

*

ਕਈ ਥਾਂ ਬਚਪਨ
ਢੇਰਾਂ 'ਤੇ ਰੁਲਦਾ
ਤੁੰਦੂਰਾਂ ਚ ਭਖਦਾ
ਕਾਰਖਾਨਿਆਂ ਚ ਪਿਘਲਦਾ

ਕੀ ਅਸੀਂ ਕਦੇ ਵੀ
ਨਹੀਂ ਦੇ ਸਕਾਂਗੇ
ਉਨ੍ਹਾਂ ਦੀਆਂ ਅੱਖਾਂ ਨੂੰ
ਸੁਨਹਿਰੇ ਮਾਸੂਮ ਸੁਪਨੇ?

*

ਨਿੱਕੀਆਂ ਨਿੱਕੀਆਂ ਮੰਗਾਂ
ਨਿੱਕੇ ਨਿੱਕੇ ਹਾਸੇ
ਨਿੱਕੀਆਂ ਨਿੱਕੀਆਂ ਖੁ਼ਸ਼ੀਆਂ
ਨਿੱਕੇ ਨਿੱਕੇ ਦਿਲਾਸੇ
ਤੁਰਦੇ ਤੁਰਦੇ ਜੇ ਡਿੱਗ ਪੈਣਾ
ਤਾਂ ਕੀੜੀ ਦਾ ਸਾਰਾ
ਆਟਾ ਹੀ ਡੁੱਲ੍ਹ ਜਾਣਾ
ਅੱਖਾਂ 'ਚੋਂ ਵਗਦੇ ਹੰਝੂਆਂ ਨੂੰ ਰੋਕ ਕੇ
ਕੀੜੀ ਨੂੰ ਲੱਭਣਾ
ਤੇ ਫਿਰ ਤੁਰ ਪੈਣਾ
ਸਾਰਾ ਕੁਝ ਜਿਵੇਂ
ਕੀੜੀ ਨਾਲ ਹੀ ਜੁੜਿਆ
ਬਚਪਨ ਉਹ ਸਾਡਾ
ਫਿਰ ਕਦੇ ਨਾ ਮੁੜਿਆ

ਕਵੀ ਸੂਚੀ 'ਤੇ ਜਾਓ



--------------------
ਮਿੱਟੀ ਦਾ ਬਾਵਾ
--------------------
ਸਿਮਰਤ ਗਗਨ


...ਮਹਾਂਨਗਰ
ਹਰ ਕੋਈ ਮੁਸਾਫ਼ਿਰ
ਹੋਟਲ ਦੇ ਕੋਲੋਂ
ਲੰਘਦੀ ਮੈਟਰੋ
ਉਹ ਆਪਣੇ ਤੋਂ ਵੱਡੇ
ਪਤੀਲਿਆਂ ਨੂੰ ਵੇਖਦਾ
ਤਿਊੜੀ ਖੁਰਚਦਾ
ਜੂਠੇ ਭਾਂਡਿਆਂ ਦੇ ਢੇਰ ਹੋਠੋਂ
ਚਮਚੇ ਲੱਭਦਿਆਂ
ਉਹਦਾ ਬਚਪਨ ਕਿੱਧਰੇ ਗੁਆਚ ਗਿਆ...

ਗੰਦੀਆਂ ਨਾਲੀਆਂ ਸਾਫ਼ ਕਰਦਾ
ਰਗ਼ਾਂ ਚ ਜਮ੍ਹਾਂ ਕਰੀ ਜਾਂਦਾ
ਨਫ਼ਰਤ ਦਾ ਲਾਵਾ
ਉਨ੍ਹਾਂ ਸਭਨਾਂ ਲਈ
ਜਿਨ੍ਹਾਂ ਨੇ ਪੈਦਾ ਕਰਕੇ
ਕੁਝ ਦਮੜੀਆਂ ਖਾਤਰ
ਬੰਧੂਆ ਕਰਵਾਇਆ
'ਮਿੱਟੀ ਦਾ ਬਾਵਾ'

ਕਵੀ ਸੂਚੀ 'ਤੇ ਜਾਓ



---------------------
ਦੁਆ
---------------------
ਹਰਪਿੰਦਰ ਰਾਣਾ

ਸਦਾ ਹੀ ਚਹਿਕਦਾ ਤੇ ਮਹਿਕਦਾ
ਬਚਪਨ ਰਹੇ
ਬੁੱਲ੍ਹੀਂ ਰਹੇ ਮੁਸਕਾਨ
ਪੈਰੀਂ ਨਾਚ ਤੇ ਸਰਗਮ ਰਹੇ
ਸਭ ਮੌਸਮਾਂ ਦੇ ਫੁੱਲ
ਹਥੇਲੀ 'ਤੇ ਖਿੜਨ
ਨੈਣੀਂ ਸਦਾ ਸੁਪਨੇ
ਅਕਾਸ਼ੀਂ ਸੋਚ ਹੀ ਹਰਦਮ ਰਹੇ
ਜੰਨਤ ਜਿਹੀ ਦਿਲਕਸ਼
ਸਹੂਲਤ ਵੀ ਮਿਲੇ
ਪੂਰੀ ਆਰਜ਼ੂ ਹੋਵੇ
ਨਾ ਕੋਈ ਗਮ ਰਹੇ
ਨਾ ਮੁੜ ਆਵਣਾ ਇਸਨੇ
ਨਾ ਫੇਰਾ ਪਾਵਣਾ ਇਸਨੇ
ਰਹੇ ਖਿੜਦਾ ਸਦਾ ਬਚਪਨ
ਖੁਸ਼ੀ ਰਿਮਝਿਮ ਰਹੇ
ਹੈ ਮੇਰੀ ਦੁਆ ਇਹੋ
ਖਿਡਾਉਣੇ ਆਫ਼ਤਾਬੀ
ਤੇ ਬਣੇ ਮਹਿਤਾਬ ਸਾਥੀ
ਹਰ ਸਿਤਾਰਾ ਦੋਸਤ ਰਹੇ।

ਕਵੀ ਸੂਚੀ 'ਤੇ ਜਾਓ


---------------------
ਅਲਵਿਦਾ ਬਚਪਨ
---------------------
ਗਗਨਦੀਪ ਸਿੰਘ


ਇਕ ਸੁਨਹਿਰਾ ਦੌਰ
ਅਜ਼ਾਦ
ਬੇ-ਪਰਵਾਹ
ਮੂੰਹਫੱਟ
ਜਿਹੜਾ ਗੂੜ੍ਹੀ ਨੀਂਦ ਦੇ ਸੁਪਨੇ ਵਾਂਗ
ਬੀਤ ਗਿਆ

ਮੈਨੂੰ ਪਤਾ ਹੀ ਨਹੀਂ ਲੱਗਾ
ਕਦ ਮੈਂ
ਮਿੱਟੀ ਦੇ ਪੁਲ਼ ਨੂੰ ਛੱਡ
ਸ਼ਬਦਾਂ ਦੇ ਪੁਲ ਸਿਰਜਣ ਲੱਗ ਪਿਆ?

ਕਵੀ ਸੂਚੀ 'ਤੇ ਜਾਓ


----------------------
ਨਿੱਕੇ ਨਿੱਕੇ ਪੈਰ
----------------------
ਸਿਮਰਤ ਸਮੈਰਾ


ਸਾਵੇ ਸਾਵੇ ਘਾਹ
ਨਿੱਕੇ ਨਿੱਕੇ ਸਾਹ
ਪੈਰਾਂ ਦੇ ਹੇਠ
ਲੰਮੇ ਲੰਮੇ ਰਾਹ
ਜਿੰਦ ਦਾ ਹੈ ਦਾਈਆ
ਅਗਮ ਅਥਾਹ
ਨਿੱਕੇ ਨਿੱਕੇ ਫੁੱਲ
ਖਿੜੇ ਨਿਸੰਗ
ਭਰੇ ਭਰੇ ਮਨ
ਉਮੀਦਾਂ ਦੇ ਨਾਲ
ਜਿੰਦ ਦੇਵੇ ਤਾਲ
ਰਾਤ ਦੀ ਰਾਣੀ
ਨਿੱਕੀ ਜਿਹੀ ਝਾੜੀ
ਲੰਮੀ ਕਹਾਣੀ
ਖ਼ੁਸ਼ਬੂ ਦੇ ਢੇਰ
ਦੇਵੇ ਖ਼ਲੇਰ
ਨਿੱਕੇ ਪੰਖੇਰੂ
ਖੁੱਲ੍ਹਾ ਨੀਲਾਂਬਰ
ਉੱਚੀ ਉਡਾਰੀ
ਬਿੰਦੂ ਅਕਾਰ
ਇਸ ਪਾਰ ਉਸ ਪਾਰ
ਨਿੱਕੇ ਨਿੱਕੇ ਪੈਰ
ਮਾਂ ਤੱਕ ਦੌੜ
ਅੱਖਾਂ ਮਾਸੂਮ
ਵੱਡੇ ਵੱਡੇ ਸੁਪਨੇ
ਸਾਰੇ ਹੀ ਆਪਣੇ

ਕਵੀ ਸੂਚੀ 'ਤੇ ਜਾਓ



---------------
ਉਹ ਦਿਨ
----------------
ਨੀਲੂ ਹਰਸ਼

ਦਿਨ ਉਹ ਵੀ ਸਨ...
ਜਦ ਧਿਆਨ ਦਾ ਰੂਪ ਹੋਰ ਸੀ
ਤਿੱਤਲੀ ਵਿਖਦੀ ਦੌੜ ਸ਼ੁਰੂ
ਨਾ ਖੱਡਾ ਵਿਖੇ ਨਾ ਖਾਈ
ਬਸ ਤਿੱਤਲੀ 'ਤੇ ਨਜ਼ਰ
ਸੀਪ, ਸ਼ੰਖ, ਘੋਗੇ...
ਅਗੜਮ ਬਗੜਮ ਚੁਣਦੇ ਰਹਿਣਾ
ਭੱਜਦੇ ਰਹਿਣਾ, ਥੱਕਦੇ ਰਹਿਣਾ
ਪਰ ਥਕਾਨ ਨਹੀਂ
ਨਾ ਇਨਾਮਾਂ ਦੀ ਚਿੰਤਾ
ਨਾ ਗਾਲ਼ਾਂ ਦਾ ਫ਼ਿਕਰ
ਨਾ ਦੋਸਤੀ ਦੀ ਵਜ੍ਹਾ
ਨਾ ਦੁਸ਼ਮਣੀ ਟਿਕਾਊ
ਮੂੰਹ ਫੁੱਲਿਆ...ਕੁਤਕੁਤਾੜੀਆਂ ਨਾਲ
ਪਿੱਚ...ਪਿਚਕ ਉਹ ਗਿਆ ਉਹ ਗਿਆ
ਅੱਖ ਭਰਨ ਦੀ ਵਜ੍ਹਾ
ਬੇ-ਵਜ੍ਹਾ ਬਚਕਾਨੀਆਂ ਜਿਹੀਆਂ
ਮੇਰੀ ਗੀਟੀ ਲੈ ਲਈ
ਮੇਰੀ ਪਹਿਲ ਤੇਰੀ ਦੂਜ
ਮੇਰੀ ਚੀਜੀ ਦੇ
ਬਸ ਵਜ੍ਹਾ ਬੇ-ਵਜ੍ਹਾ

ਹੁਣ ਰੁੱਸ ਜਾਣਾ ਤਾਂ
ਇਕ ਉਮਰ ਲੱਗੇ ਮਨਾਉਣ ਨੂੰ
ਜਾਂ ਰਿਸ਼ਤਾ ਹੀ ਹੱਥੋਂ ਛੁੱਟ ਜਾਵੇ
ਇਕ ਦੰਭ, ਇਕ ਆਕੜ
ਬਚਪਨ ਤੋਂ ਕੋਹਾਂ ਦੂਰ ਲੈ ਆਈ
ਲੱਭਦੇ ਹਾਂ ਉਹ ਸ਼ੰਖ ਸਿੱਪੀਆਂ
ਉਹ ਤਿਤਲੀਆਂ, ਉਹ ਕੁਤਕੁਤਾੜੀਆਂ
ਸ਼ੋਰ ਹਾਸੇ ਰੰਗ ਵਿਖਦੇ ਤਾਂ ਨਹੀਂ
ਬੇਤਹਾਸ਼ਾ ਗੂੜ੍ਹੇ ਚਮਕੀਲੇ
ਪਰ ਸੁੰਘੜੇ ਸੁੰਘੜੇ ਸਹਿਮੇ ਸਹਿਮੇ
ਗੁੰਮ ਗੁੰਮ ਜਿਹੇ ਆਪ ਹੀ।

ਕਵੀ ਸੂਚੀ 'ਤੇ ਜਾਓ



---------------
ਬਚਪਨ ਦੀ ਤਸਵੀਰ
----------------
ਸਤੀਸ਼ ਬੇਦਾਗ਼

ਅੱਜ ਪਤਾ ਨਹੀਂ ਦਿਲ 'ਚ ਕੀ ਆਇਆ
ਲੱਗ ਪਿਆ ਐਵੇਂ ਹੀ ਅਲਮਾਰੀ ਸਾਫ਼ ਕਰਨ
ਕਿਤਾਬਾਂ ਚੁੱਕੀਆਂ ਤਾਂ ਲੱਗਿਆ
ਕਾਗਜ਼ਾਂ ਚੋਂ ਨਿਕਲ ਕੇ ਜਿਵੇਂ ਕੁਝ
ਡਿੱਗਿਆ ਤੇ ਮੈਂ ਚੁੱਕ ਲਿਆ
ਇਹ ਤਾਂ ਤਸਵੀਰ ਹੈ ਮੇਰੀ
ਬਚਪਨ ਦੀ
ਮਾਂ ਨੇ ਮੈਨੂੰ ਗੋਦੀ ਚੁੱਕਿਆ ਹੋਇਐ

ਐਵੇਂ ਹੀ ਕੁਝ ਪ੍ਰੇਸ਼ਾਨ ਜਿਹਾ ਹੋ ਗਿਆਂ
ਕਿਹੜਾ ਵੇਲਾ ਸੀ ਜਦੋਂ ਮੇਰੇ ਕੋਲੋਂ
ਖੋਹ ਕੇ ਲੈ ਗਿਆ ਵੇਲਾ 'ਉਹ ਵੇਲਾ'

ਜੀ ਕਰਦਾ ਮੁੱਛਾਂ ਸਫਾਚੱਟ ਕਰ ਦਿਆਂ
ਪੂੰਝ ਦੇਵਾਂ ਇਹ ਧੂੜ ਜਿਹੀ ਦਾੜੀ
'ਤੇ ਛੱੜਪੇ ਮਾਰਦਾ ਪਾਣੀ ਪਾ ਕੇ
ਵਹਾ ਦਵਾਂ ਉਮਰ ਭਰ ਦੀ ਧੂੜ
ਧੌ ਦੇਵਾਂ ਅੱਖਾਂ ਦੀ ਸਾਰੀ ਉਦਾਸੀ

ਫਿਰ ਪੁਆ ਦੇਵਾਂ ਇਨ੍ਹਾਂ ਨੂੰ
ਆਪਣੇ ਬਚਪਨ ਦੀ ਉਹ ਅਣਭੋਲ ਖੁਸ਼ੀ

(ਹਿੰਦੀ ਤੋਂ ਅਨੁਵਾਦ- ਦੀਪ ਜਗਦੀਪ ਸਿੰਘ)

ਕਵੀ ਸੂਚੀ 'ਤੇ ਜਾਓ



---------------
ਬੱਚਾ
----------------
ਅਨਿਲ ਆਦਮ


ਛੱਪੜੀ ਦੇ ਮੈਲੇ ਪਾਣੀਆਂ 'ਚ
ਤੱਕ ਕੇ ਚੰਨ ਦਾ ਅਕਸ
ਪਰਚ ਗਿਆ ਹੈ
ਵੱਡਾ ਬਲੀ
ਕੁਦਰਤ ਨੂੰ ਸਰ ਕਰਕੇ
ਚੰਨ ਦੀ ਟੁਕੜੀ 'ਤੇ ਪੈਰ ਧਰਕੇ
ਵੀ ਪਿਆ ਭਟਕਦਾ ਹੈ
ਬੱਚਾ ਤਾਂ ਚਲੋ ਬੱਚਾ ਹੈ
ਵੱਡੇ ਹੋ ਕੇ ਅਸੀਂ ਵੀ ਭਲਾ
ਕੀ ਖੱਟਿਆ ਹੈ?

ਕਵੀ ਸੂਚੀ 'ਤੇ ਜਾਓ



---------------
ਵਿੱਧ ਮਾਤਾ
----------------
ਤੇਜਿੰਦਰ ਬਾਵਾ


ਬੱਚਾ ਨੀਂਦ ਚ ਖਿੜਖਿੜਾ ਕੇ ਹੱਸਦਾ ਏ
ਦੁਨੀਆਂ 'ਚ ਉਹਨੂੰ ਅਜੇ ਕੋਈ ਗਮ ਨਹੀਂ
ਸ਼ਾਇਦ ਇਹੀ ਦੱਸਦਾ ਏ

ਸੋਚਦਾ ਹਾਂ
ਬੱਚਾ ਨੀਂਦ 'ਚ ਹੀ ਕਿਉਂ
ਖਿੜਖਿੜਾਉਂਦਾ ਏ
ਮਾਂ ਦੱਸਦੀ ਏ -
ਬੱਚੇ ਦੀ ਨੀਂਦ ਚ ਵਿੱਧ ਮਾਤਾ ਆਉਂਦੀ ਏ
ਜਿਹੜੀ ਉਹਨੂੰ ਮਲਕੜੇ ਜਿਹੇ ਹਸਾਉਂਦੀ ਏ

ਮੈਂ ਸੋਚਦਾ ਹਾਂ
ਬੱਚੇ ਨੂੰ ਤਾਂ
ਇਸ ਦੁਨੀਆਂ 'ਚ ਅਜੇ ਕੋਈ ਗਮ ਨਹੀਂ
ਫਿਰ ਵਿੱਧ ਮਾਤਾ ਉਹਦੀ ਹੀ ਨੀਂਦ 'ਚ
ਕਿਉਂ ਆਉਂਦੀ ਏ?
ਵਿੱਧ ਮਾਤਾ
ਤਮਾਮ ਦੁਨੀਆਂ ਦੀ ਨੀਂਦ 'ਚ
ਕਿਉਂ ਨਹੀਂ ਆਉਂਦੀ
ਜਿਸਨੂੰ ਖੁੱਲ੍ਹ ਕੇ ਹੱਸਿਆਂ
ਇਕ ਯੁੱਗ ਬੀਤ ਗਿਆ ਏ ਸ਼ਾਇਦ

ਕਵੀ ਸੂਚੀ 'ਤੇ ਜਾਓ


---------------
ਤਿਤਲੀਆਂ
----------------
ਸਰੋਦ ਸੁਦੀਪ


ਤਿਤਲੀਆਂ ਗਾਉਂਦੀਆਂ ਗਈਆਂ
ਬਾਤਾਂ ਪਾਉਂਦੀਆਂ ਗਈਆਂ
ਲੰਘ ਗਈਆਂ ਦਰਾਂ ਤੋਂ ਪਾਰ
ਬਹਿ ਗਈਆਂ ਦੇਵੀਆਂ ਦੇ ਸਿਰਾਂ 'ਤੇ
ਸੁੱਖ ਸੁਨੇਹਾ ਸੁਣਾਉਂਦੀਆਂ ਗਈਆਂ
...ਸੁਣਾਉਂਦੀਆਂ ਗਈਆਂ
ਅਸਮਾਨੋਂ ਆਏ ਰੰਗ ਰੱਬ ਦੇ
ਧਰਤੀ 'ਤੇ ਲਾਉਂਦੀਆਂ ਗਈਆਂ...

ਕਵੀ ਸੂਚੀ 'ਤੇ ਜਾਓ



---------------
ਬਚਪਨ
----------------
ਅਰਤਿੰਦਰ ਸੰਧੂ


ਬਚਪਨਾ ਹੈ ਸੋਹਲ ਉਮਰਾ
ਬੇਫ਼ਿਕਰ ਅੱਲੜ੍ਹ ਸੁਭਾਅ
ਤਾਰਾ ਮੰਡਲ ਜਾਪਦਾ ਏ
ਹਾਣੀਆਂ ਦਾ ਕਾਫ਼ਿਲਾ

ਨੰਨ੍ਹੀ ਉਮਰੇ ਇਕ ਨਿਰਾਲਾ
ਧਰਤੀ ਅੰਬਰ ਸਿਰਜ ਲੈਣਾ
ਰੰਗਲੀ ਰਚਨਾਤਮਿਕਤਾ
ਇਸ ਉਮਰ ਦਾ ਖ਼ਾਸ ਗਹਿਣਾ

ਮਨ ਦੀ ਫੁਲਵਾੜੀ ਅੰਦਰ
ਫੁੱਲ ਦਾ ਝੁੰਗਲ ਬਾਟਾ ਕਰਨਾ
ਕਲਪਨਾ ਦੀ ਰੰਗ ਪਰੀ ਦੇ
ਦੇਸ਼ ਵਿਚ ਪਲ਼ ਪਲ਼ ਵਿਚਰਨਾ

ਜੁਗਨੂੰਆਂ ਸੰਗ ਲੁਕਣ ਮੀਟੀ
ਤਾਰਿਆਂ ਨਾਲ ਅੱਖ ਝਮੱਕਾ
ਤਿਤਲੀਆਂ ਸੰਗ ਮਚਲਣਾ
ਚੰਨ ਦੇ ਨਾਲ ਅੱਖ ਮਟੱਕਾ

ਸੁਪਨਿਆਂ ਦੇ ਵਿਚ ਲਹਿਰਨਾ
ਮੋਹ ਦੀ ਕੰਨੀ ਪਕੜ ਤੁਰਨਾ
ਅੰਬਰਾਂ ਦੀ ਦੋਸਤੀ ਵਿਚ
ਕਿਰਮਚੀ ਹਰ ਇਕ ਫੁਰਨਾ

ਪਰ ਕਿਤੇ ਕੁਝ ਛੁੱਟਿਆ
ਉਹ ਚਿਤਵਨ ਬਿਮਾਰ ਹੈ
ਜਾਂ ਇਹਦੇ ਪੈਰਾਂ ਦੇ ਹੇਠੋਂ
ਤਿਲਕਿਆ ਸੰਸਾਰ ਹੈ

ਭੋਲਾ ਭਾਅ ਮਾਸੂਮੀਅਤ ਵਾਲਾ
ਉਹ ਬਚਪਨ ਗੁੰਮਸ਼ੁਦਾ
ਟੀ.ਵੀ... ਤੇ ਤੇਜ਼ ਜਿੰਦਗੀ
ਚੰਨ ਤਾਰਿਆਂ ਨੂੰ ਖੋਹ ਲਿਆ
ਔਖੇ ਔਖੇ ਸੁਪਨਿਆਂ ਲਈ
ਖੰਭੜੀ ਖੰਭੜੀ ਜੋੜਦਾ
ਪਲ਼...ਕਿਸੇ ਖ਼ਬਰੇ ਕਦੋਂ
ਅੱਜ ਬਚਪਨਾ ਦਮ ਤੋੜਦਾ

ਤੇ ਕਿਤੇ ਬਚਪਨ ਵਿਹੂਣਾ
ਪੇਟ ਭਰਨਾ ਲੋਚਦਾ
ਕਿਰਦਾ ਪਲ਼ ਪਲ਼ ਰੇਤ ਬਣਕੇ
ਜਿੰਦਗੀ ਨੂੰ ਬੋਚਦਾ।

ਕਵੀ ਸੂਚੀ 'ਤੇ ਜਾਓ



---------------
ਹੌਲੀ ਹੌਲੀ
----------------
ਧਰਮਪਾਲ ਸਾਹਿਲ


ਪੁੱਤਰ
ਹੌਲੀ-ਹੌਲੀ ਵੱਡਾ ਹੋ ਕੇ
ਹੋ ਜਾਂਦਾ
ਮਰਦ 'ਚ ਤਬਦੀਲ
ਬਣ ਜਾਂਦਾ
ਕਿਸੇ ਦਾ ਪਤੀ
ਫਿਰ ਪਿਓ...ਦਾਦਾ...ਨਾਨਾ
ਹੌਲੀ-ਹੌਲੀ ਉਸ ਵਿੱਚੋਂ
ਮਨਫ਼ੀ ਹੋ ਜਾਂਦਾ ਪੁੱਤਰ
ਧੀ ਵੀ ਹੌਲੀ-ਹੌਲੀ
ਵੱਡੀ ਹੋ ਕੇ
ਬਣਦੀ ਔਰਤ
ਕਿਸੇ ਦੀ ਪਤਨੀ
ਫਿਰ ਮਾਂ, ਦਾਦੀ...ਨਾਨੀ
ਪਰ ਉਸ ਵਿੱਚੋਂ ਕਦੇ ਵੀ
ਧੀ ਗਾਇਬ ਨਹੀਂ ਹੁੰਦੀ
ਉਹ ਆਪਣੇ ਬਚਪਨ ਤੋਂ
ਕਦੇ ਵੱਖ ਨਹੀਂ ਹੁੰਦੀ

ਕਵੀ ਸੂਚੀ 'ਤੇ ਜਾਓ



---------------
ਬਚਪਨ
----------------
ਐਚ. ਐਸ. ਡਿੰਪਲ


ਬਚਪਨ

ਬੇਪ੍ਰਵਾਹੀ, ਭੋਲਾਪਣ ਅਤੇ ਆਜ਼ਾਦੀ
ਜਦ ਸੰਙ ਦਾ ਨਾਂ ਪਤਾ ਸੀ, ਨਾਂ ਹੀ ਅਰਥ
ਜਿੰਦਗੀ ਸਚਮੁੱਚ ਸਵਰਗ ਸੀ,
ਉਦੋਂ ਹੀ ਬਚਪਨ ਹੈ, ਉਹ ਹੀ ਬਚਪਨ ਸੀ!
ਜਿਸ ਦੀ ਭਾਲ ਵਿਚ ਇੰਨਸਾਨ ਸਾਰੀ ਉਮਰ ਤੁਰਦਾ-ਫਿਰਦਾ-ਭੱਜਦਾ
ਕੰਮ, ਪੈਸਾ ਅਤੇ ਫ਼ਿਕਰ
ਧਰਮ, ਅਧਿਐਨ ਅਤੇ ਅਨੁਭਵ
ਸਿਰਫ਼ ਉਸ ਸਵਰਗ ਦੀ ਲਾਲਸਾ
ਜੋ ਸ਼ਾਇਦ ਹੈ, ਜਾਂ ਨਹੀਂ
ਸ਼ਾਇਦ ਇਸ ‘ਬਚਪਨ’ ਦਾ ਹੀ ਦੂਜਾ ਨਾਮ ਹੈ
ਪਰ ਇਹ ਕਦੇ ਵਾਪਸ ਨਹੀਂ ਮਿਲਦਾ,
ਜਿਸ ਦੀ ਖੋਜ ਵਿਚ ਸਾਰੀ ਉਮਰ ਇੰਨਸਾਨ ਭਟਕਦਾ ਹੈ,
ਉਹ ਬਚਪਨ ਵਿਚ ਹੰਢਾ ਕੇ।
ਫਿਰ ਭਟਕਣਾ ਵਿਚ ਪੈ ਜਾਂਦਾ ਹੈ
ਕੋਹਲੂ ਦੇ ਬੈਲ ਵਾਂਙ
ਘੁੰਮਦਾ ਹੈ ਅਤੇ ਫਿਰ ਬੁੱਢਾ ਹੋ ਜਾਂਦਾ ਹੈ
‘ਬਚਪਨਾ’ ਤਾਂ ਆ ਜਾਂਦਾ ਹੈ
ਪਰ ‘ਬਚਪਨ’ ਨਹੀਂ ਮਿਲਦਾ ਸਾਰੀ ਉਮਰ
ਬੱਸ ਯਾਦਾਂ ਰਹਿ ਜਾਂਦੀਆਂ ਹਨ,
ਬਚਪਨ ਦੀਆਂ ਅਤੇ ਫਿਰ ਲਿਖਦਾ ਹੈ
ਬਚਪਨ ਤੇ
ਦੱਸਦਾ ਹੈ, ਦੂਜਿਆਂ ਨੂੰ ਆਪਣੇ ਬਚਪਨ ਦੇ ਬਾਰੇ
ਵਾਰ-ਵਾਰ ਦੱਸਦਾ ਹੈ, ਗਾਉਂਦਾ ਹੈ, ਲਿਖਦਾ ਹੈ, ਹੱਸਦਾ ਹੈ, ਰੋਂਦਾ ਹੈ
ਇਹ ਯਾਦ ਕਰਕੇ ਕਿ
ਬੇਪ੍ਰਵਾਹੀ, ਭੋਲਾਪਣ ਅਤੇ ਆਜ਼ਾਦੀ
ਜਦ ਸੰਙ ਦਾ ਨਾਂ ਪਤਾ ਸੀ, ਨਾਂ ਹੀ ਅਰਥ
ਜਿੰਦਗੀ ਸਚਮੁੱਚ ਸਵਰਗ ਸੀ,
ਉਦੋਂ ਹੀ ਬਚਪਨ ਹੈ, ਉਹ ਹੀ ਬਚਪਨ ਸੀ!

ਕਵੀ ਸੂਚੀ 'ਤੇ ਜਾਓ
10:45 AM | 4 comments

ਮਈ ਅੰਕ: ਮਾਂ

Written By ਲਫ਼ਜ਼ਾਂ ਦਾ ਸੇਵਾਦਾਰ on Sunday, May 31, 2009 | 1:15 PM



ਦੋਸਤੋ!!! ਕਾਵਿ-ਸੰਵਾਦ ਦੇ ਪੰਜਵੇਂ ਅੰਕ ਨੂੰ ਜਿਸ ਸ਼ਿੱਦਤ ਨਾਲ ਕਲਮਕਾਰਾਂ ਨੇ ਮਮਤਾਮਈ ਰੰਗ ਵਿੱਚ ਰੰਗਿਆ ਹੈ, ਸ਼ਾਇਦ ਹੀ ਕੋਈ ਹੋਵੇਗਾ ਜੋ ਭਾਵੁਕ ਨਾ ਹੋਵੇ। ਇਨ੍ਹਾਂ ਸਤਰਾਂ ਨੂੰ ਲਿਖਦੇ ਹੋਏ ਅਸੀ ਵੀ ਮਾਂ ਪ੍ਰਤਿ ਮੋਹ ਚੋਂ ਉਪਜੇ ਨੈਣ ਸਮੁੰਦਰ ਵਿੱਚ ਤਾਰੀ ਲਾ ਰਹੇ ਹਾਂ। ਰਚਨਾਵਾਂ ਦੀ ਗਿਣਤੀ ਭਾਵੇਂ ਘੱਟ ਹੋਵੇ ਪਰ ਲਫ਼ਜ਼ਾਂ ਦਾ ਅਸਰ ਨਾ ਮੁੱਕਣ ਵਾਲਾ ਹੈ। ਪਾਠਕਾਂ ਅੱਗੇ ਬੇਨਤੀ ਹੈ ਕਿ ਹੋ ਕੇ ਸਕੇ ਤਾਂ ਇਨ੍ਹਾਂ ਰਚਨਾਵਾਂ ਨੂੰ ਵੱਧ ਤੋਂ ਵੱਧ ਮਾਤਾਵਾਂ ਤੱਕ ਸਾਡੇ ਸੱਜਦੇ ਦੇ ਰੂਪ ਵਿੱਚ ਜ਼ਰੂਰ ਪਹੁੰਚਾਉਣਾ ਤਾਂ ਜੋ ਸਾਨੂੰ ਉਨ੍ਹਾਂ ਦੀਆਂ ਦੁਆਵਾਂ ਦੀ ਭਰਪੂਰ ਛਾਂ ਮਿਲ ਸਕੇ। ਕਾਵਿ-ਸੰਵਾਦ ਦੇ 5 ਮਹੀਨਿਆਂ ਤੋਂ ਚੱਲਦੇ ਆ ਰਹੇ ਸਿਲਸਿਲੇ ਨੂੰ ਲਗਾਤਾਰ ਚਲਾਈ ਰੱਖਣ ਲਈ ਅਸੀ ਸਮੂਹ ਰਚਨਾਕਾਰ/ਪਾਠਕ ਸਾਥੀਆਂ ਦੇ ਰਿਣੀ ਹਾਂ। ਲਫ਼ਜ਼ਾਂ ਦਾ ਪੁਲ ਦੀ ਜਨਣੀ, ਧਰਤੀ, ਨਦੀ, ਹਵਾ ਅਤੇ ਕੁਦਰਤ ਮਾਂ ਨੂੰ ਉਨ੍ਹਾਂ ਦੀਆਂ ਦਿੱਤੀਆਂ ਨਿਆਮਤਾਂ ਲਈ ਸੱਜਦਾ ਕਰਨ ਦਾ ਇਹ ਨਿਮਾਣਾ ਜਿਹਾ ਉਪਰਾਲਾ ਆਪ ਸਭ ਨੂੰ ਕਿਵੇਂ ਦਾ ਲੱਗਿਆ, ਆਪ ਦੇ ਵਿਚਾਰਾਂ/ਟਿੱਪਣੀਆਂ ਦੀ ਉਡੀਕ ਰਹੇਗੀ।

ਮਾਂ ਦੇ ਕਵੀ
ਸਤਵੀਰ ਬਾਜਵਾ|ਜੱਸ ਪੰਜਾਬੀ|ਇੰਦਰਜੀਤ ਨੰਦਨ|ਜਸਵੰਤ ਜ਼ਫ਼ਰ|ਚਰਨਜੀਤ ਮਾਨ|ਸਿਮਰਤ ਗਗਨ|





---------------
ਜਜ਼ਬਾ
---------------
ਸਤਵੀਰ ਬਾਜਵਾ

ਧੰਨ ਤੇਰਾ ਜਜ਼ਬਾ
ਮਾਏ,
ਮੈਂ ਤਾਂ ਤੋੜ ਦਿਆਂ
ਤੇਰੇ ਤੇ ਉਠਣ ਵਾਲਾ
ਉਹ ਹੱਥ
ਪਰ ਤੂੰ ਟੁੱਟਿਆ ਨੀ ਵੇਖ ਸਕਦੀ
ਤੈਨੂੰ ਲਹੂ-ਲੁਹਾਣ ਕਰ ਦੇਣ ਵਾਲਾ
ਉਹ ਹੱਥ
ਧੰਨ ਤੇਰਾ ਜਜ਼ਬਾ

ਢਾਲ ਬਣ ਮੈਂ ਤੇਰੀ
ਆਪਣੇ-ਆਪ ਤੇ ਲੈ ਲਵਾਂ ਤੇਰਾ
ਹਰ ਜ਼ਖਮ
ਪਰ ਮੇਰੇ ਤੋਂ ਵੱਧ ਪੀੜ ਤੈਨੂੰ ਦੇਵੇਗਾ
ਮੇਰੇ ਤੇ ਲੱਗਿਆ
ਹਰ ਜ਼ਖਮ
ਧੰਨ ਤੇਰਾ ਜਜ਼ਬਾ

ਤੇਰੇ ਇਸ ਜਜ਼ਬੇ ਚੋਂ ਨਿਕਲਦੀ ਏ
ਮੇਰੇ ਕੁਝ ਨਾ ਕਰ ਸਕਣ ਦੀ
ਮਜ਼ਬੂਰੀ
ਪਰ ਮੈਂ ਜਾਣਦਾ
ਇਹ ਜਜ਼ਬਾ ਨਹੀਂ ਹੈ ਤੇਰੀ ਕੋਈ
ਮਜ਼ਬੂਰੀ
ਤੇਰੇ ਦੁੱਖਾਂ ਦਾ ਕਾਰਣ ਹੈ ਸ਼ਾਇਦ
ਤੇਰਾ ਇਹ ਜਜ਼ਬਾ
ਮੈਂ ਚਾਹੁੰਦਾ ਤੇਰੇ ਦੁੱਖਾਂ ਦਾ ਅੰਤ
ਪਰ ਕਾਇਮ ਰਹੇ
ਤੇਰਾ ਇਹ ਜਜ਼ਬਾ|

ਕਵੀ ਸੂਚੀ 'ਤੇ ਜਾਓ


--------------------------
ਮਾਂ ਜੰਮਦੀ ਹੈ ਇੱਕ ਮਾਂ
--------------------------
ਜੱਸ ਪੰਜਾਬੀ


ਲੱਖ ਚੁਰਾਸੀ ਜੂਨਾਂ ਵਿੱਚੋ
ਉੱਚੀ ਸੁੱਚੀ ਮਾਂ ਦੀ ਜੂਨ
ਮਾਂ ਨੂੰ ਜੰਮਣ ਦਿਓ
ਮਾਂ ਨੂੰ ਵਧਣ ਦਿਓ
ਦੁਨੀਆਂ ਦੇ ਲੋਕੋ
ਨਾ ਤੋੜੋ ਰੱਬ ਦਾ ਕਾਨੂੰਨ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਕਿਹੜੇ ਰਾਹ ਵੱਲ ਤੁਰ ਪਈ ਦੁਨੀਆਂ
ਮਾਂ ਦੀ ਕੁੱਖ ਵਿੱਚ ਮਾਰਨ ਮਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਵਾਹ!ਵਾਹ!! ਭਾਰਤ ਦੇ ਲੋਕ ਨਿਆਰੇ
ਥਾਂ-ਥਾਂ ਮਾਤਾ ਦੇ ਮੰਦਰ ਉਸਾਰੇ
ਮਾਂ ਨੂੰ ਮੰਨਣ ਵਾਲੇ ਦੇਖੋ
ਨਹੀ ਡਰਦੇ ਮਾਰਨ ਤੋ ਮਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਮਾਂ ਨਾਂ ਮਾਰੋ
ਪੱਛੜੀ ਸੋਚ ਮੁਕਾਓ
ਇਹ ਕੁਰੀਤੀਆਂ,
ਚੰਦਰੇ ਰਿਵਾਜ਼ ਮਿਟਾਓ
ਮੈ ਤਾਂ ਚਾਹਵਾਂ ਹਰ ਕੋਈ ਮਾਣੇ
ਮਾਂ, ਧੀ, ਭੈਣ
ਬੋਹੜ ਦੀ ਛਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਮਾਂ ਨੂੰ ਜਾਣੋ
ਰੱਬ ਨੂੰ ਪਹਿਚਾਣੋ
ਹੋਰ ਨਾਂ ਗਲਤੀ ਕਰਿਓ ਅਣਜਾਣੋ
ਹਰ ਸਿਰ ਤੇ ਰੱਬ ਨਹੀ ਰਹਿ ਸਕਦਾ
ਮਾਂ ਦਾ ਭੇਸ ਵਟਾਂਉਦਾ ਤਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਜੱਸ ਨੇ ਰੱਬ ਦਾ ਦਰਸ਼ਨ ਕੀਤਾ
ਜਦ ਮਾਂ ਮੇਰੀ ਵਰਦਾਨ ਸੀ ਦਿੱਤਾ
ਪੁੱਤ ਲਿਖਦਾ ਰਹਿ
ਪੁੱਤ ਗਾਂਉਦਾ ਰਹਿ
ਇਹ ਗੱਲ ਦੁਨੀਆਂ ਦੇ ਕੰਨੀ ਪਾਂਉਦਾ ਰਹਿ
ਸ਼ਾਇਦ ਤੇਰੀ ਗੱਲ ਸੁਣ ਕੇ
ਕੋਈ ਬੱਚ ਜਾਊ ਮਰਨ ਤੋ ਮਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਕਵੀ ਸੂਚੀ 'ਤੇ ਜਾਓ


--------------------
ਕੁਦਰਤ ਦੀ ਕਵਿਤਾ
--------------------
ਇੰਦਰਜੀਤ ਨੰਦਨ


ਮਾਂ
ਸਾਹ ਦਾ ਸਾਹ ਨਾਲ ਬੰਧਨ
ਨਾੜੂ ਨਾਲ
ਰਿਜ਼ਕ ਦਾ ਰਿਸ਼ਤਾ
ਹੌਲੀ ਹੌਲੀ ਹੋਏ ਵਿਕਾਸ
ਇਕ ਸ੍ਰਿਸ਼ਟੀ ਇਕ ਕਇਨਾਤ
ਮਾਂ ਦੇ ਅੰਦਰ
ਜਿਉਂ ਪੂਰਨ ਬ੍ਰਹਿਮੰਡ

ਗਰਭ ਤੋਂ ਬਾਹਰ
ਮਾਂ ਦੀ ਹਿੱਕ
ਮਾਂ ਦੀ ਗੋਦ
ਇਕ ਸੁਰੱਖਿਆ
ਇਕ ਹੋਂਦ
ਮਾਂ ਹੀ ਜਾਪੇ ਪੂਰਨ ਸੰਸਾਰ

ਮਾਂ ਦੀ ਲੋਰੀ ਬਣੇ ਸੰਗੀਤ
ਜੁੜੇ ਨਾਤਾ
ਸੁਰ ਦੇ ਨਾਲ
ਮਾਂ ਦੀ ਅਵਾਜ਼
ਜਿਉਂ ਅਨਹਦ-ਨਾਦ...

ਅਜਬ ਦੁਨੀਆਂ ਰੰਗ ਬਿਰੰਗੀ
ਰਿਸ਼ਤੇ ਨਾਤੇ, ਭੁੱਲ ਭੁਲੇਖੇ
ਬਾਹਰੀ ਸੰਸਾਰ
ਅੱਖਾਂ ਅੱਗੇ ਖੁੱਲ੍ਹਦਾ ਜਾਏ
ਮਾਂ ਹੈ ਪ੍ਰਥਮ ਗੁਰੂ
ਹਰ ਰਹੱਸ ਤੋਂ ਪਰਦਾ ਚੁੱਕੀ ਜਾਏ...

ਮਾਂ ਇਕ ਸੰਪੂਰਣ ਰਚਨਾ
ਮਾਂ ਜਿਉਂ
ਕੁਦਰਤ ਦੀ ਕਵਿਤਾ
ਰੋਮ ਰੋਮ ਚ ਭਰਕੇ ਮਮਤਾ
ਖੁਦ ਵੀ ਕਵਿਤਾ ਰਚਦੀ ਜਾਏ

ਕਵੀ ਸੂਚੀ 'ਤੇ ਜਾਓ


---------------------
ਪਰਵਾਸੀ
---------------------
ਜਸਵੰਤ ਜ਼ਫਰ

ਤੱਕਦਾਂ ਜਦ ਸਵੇਰੇ
ਸੜਕ ਕਿਨਾਰੇ
ਮਜ਼ਦੂਰਨਾ ਲੀੜਿਆਂ ਸਣੇ ਨਹਾਉਂਦੀਆਂ
ਬੇਸਾਈਜ਼ੇ ਪੁਰਾਣੇ ਪੰਜਾਬੀ ਸੂਟ ਪਾ
ਘਰੀਂ ਸਫਾਈਆਂ ਕਰਨ ਜਾਂਦੀਆਂ
ਖੁਲ੍ਹੇ ਕਮੀਜ਼ ਲੰਮੀਆਂ ਸਲਵਾਰਾਂ
ਪੈਰਾਂ ‘ਚ ਫਸਦੇ ਪੌਂਚੇ

------
ਪਰਦੇਸ ‘ਚ ਰੁਜ਼ਗਾਰ ਕਮਾਉਂਦੀ
ਮਾਂ ਯਾਦ ਆਉਂਦੀ

ਕਵੀ ਸੂਚੀ 'ਤੇ ਜਾਓ


---------------------
ਮਮਤਾ
---------------------
ਚਰਨਜੀਤ ਮਾਨ


ਅਫਰੀਕਾ ਦੇ ਜੰਗਲਾਂ ਵਿਚ
ਲੰਗੂਰ ਦੀ ਇਕ ਕਿਸਮ
ਜਦੋਂ ਬੱਚਾ ਮਰ ਜਾਂਦਾ ਹੈ
ਤਾਂ ਮਾਂ ਚੁੱਕੀ ਫਿਰਦੀ ਹੈ
ਬੇਜਾਨ ਕਰੰਗ ਨੂੰ
ਕਈ ਕਈ ਹਫਤਿਆਂ ਤਾਂਈਂ
ਮਮਤਾ ਦੀ ਹਿੱਕ ਨਾਲ ਲਾਈ
ਕੀ ਜਾਨਵਰਾਂ 'ਚ ਮਮਤਾ ਨਹੀਂ ਹੁੰਦੀ ?
ਯਾਦ ਹੈ ਹੁਣ ਵੀ
ਜਦੋਂ ਨਵੀਂ ਸੂਈ ਮੱਝ ਦਾ
ਕਟੜਾ ਮਰ ਗਿਆ ਸੀ
ਕੁਝ ਦਿਨਾਂ ਦੇ ਸਾਹ ਭੋਗ,
ਤੇ ਕਿੱਲੇ ਬੱਝੀ ਮਾਂ
ਅੜਿੰਗਦੀ ਰਹੀ ਸੀ ਕਈ ਦਿਨ
ਇਕ ਵੈਣ ਹੋ ਕੇ,
ਤੇ ਅੱਖਾਂ ਚ ਝਾਕਦੀ ਰਹੀ ਸੀ
ਮਮਤਾ ਆਸ ਬਣ ਕੇ ਇਕ,
ਮੂੰਹ ਚੁੱਕੀ ਵੇਖਦੀ
ਬਾਹਰਲੀਆਂ ਖੁਰਲੀਆਂ ਵਲ ਨੂੰ
ਤੇ ਮੂਹਰੇ ਪਿਆ ਹਰਾ ਘਾਅ
ਪਿਲੱਤਣ ਗਿਆ ਸੀ
ਖਾਧੇ ਬਿਨ

ਗਿਰਜੇ ਵਿਚ ਬਾਲ ਈਸਾ
ਮਰਿਅਮ ਦੀ ਗੋਦ ਵਿਚ ਮੁਸਕਰਾਂਦਾ
ਜਮਨਾ ਕਿਨਾਰੇ ਖੜੀ
ਯਸ਼ੋਦਾ ਦੀ ਹੂਕ
ਨਟਖਟ ਕ੍ਰਿਸ਼ਨ ਲਈ
ਰਾਜਾ ਗੋਪੀ ਚੰਦ ਨੂੰ ਯੋਗ ਦੀ ਤਾਕੀਦ
ਮਾਂ ਮੈਨਾਵਤੀ ਦੀ
ਕਿ ਜਨਮ-ਜਨਮ ਸੰਵਰ ਜਾਣ
ਪੁੱਤਰ ਦੇ,
ਠੰਡੇ ਬੁਰਜ ਵਿਚ ਮਾਂ ਗੁਜਰੀ ਦੀ
ਦੁਆ ਸਾਬਤ-ਕਦਮੀ ਲਈ
ਸਿੱਖੀ ਦੀਆਂ ਕਲੀਆਂ ਨੂੰ,
ਤੇ ਹੰਝੂਆਂ ਵਿਚ ਚਮਕਦੀ ਭਾਅ
ਮਮਤਾ ਦੇ ਦੁੱਧ ਦੇ ਮਾਣ ਦੀ
ਭਗਤ ਸਿੰਘ ਦੀ ਮਾਂ ਦੇ

ਹਰ ਰੰਗ ਹੈ ਮਮਤਾ,
ਬਹਾਰ ਦਾ,
ਪੁੰਗਰਦੀਆਂ ਲਗਰਾਂ ਲਈ
ਆਪਣੀ ਕੁੱਖ ਦੀਆਂ

ਕਵੀ ਸੂਚੀ 'ਤੇ ਜਾਓ


----------------------
ਮਾਂ ਦਾ ਰੱਬ
----------------------
ਸਿਮਰਤ ਗਗਨ


ਗੋਦ ਭਰੀ ਭਾਗਭਰੀ ਦੀ
ਗੋਦ 'ਚ ਹੱਸਦਾ
ਨਿੱਕਾ ਜਿਹਾ ਰੱਬ
ਟੇਰਦਾ ਬੁੱਲ੍ਹੀਆਂ
ਬੋਲਦੀਆਂ ਅੱਖੀਆਂ
ਪਛਾਣਦਾ ਖੁ਼ਸ਼ਬੂ
ਆਪਣੀ ਛਾਂ ਦੀ, ਮਾਂ ਦੀ
ਨਿੱਕਾ ਜਿਹਾ ਰੱਬ...
ਰੇਸ਼ਮੀ ਨੀਂਦ ਵਿੱਚ
ਸ਼ਹਿਦ ਰੰਗੇ ਖ਼ਾਬ
ਕਰੇ ਵਿਧ ਮਾਤਾ ਨਾਲ ਗੱਲਾਂ
ਵੇਖਦੀ ਦੁੱਧਭਰੀ
ਚੜ੍ਹੀਆਂ ਦੁੱਧ ਦੀਆਂ ਛੱਲਾਂ
ਨਿੱਕਾ ਜਿਹਾ ਰੱਬ...
ਬੇ-ਅਰਥ ਜੀਣੇ ਦਾ
ਕਿੰਨਾ ਮਾਸੂਮ ਸਬੱਬ
ਗੋਦ 'ਚ ਹੱਸਦਾ
ਤੇਰਾ ਤੇ ਮੇਰਾ
ਨਿੱਕਾ ਜਿਹਾ ਰੱਬ

ਕਵੀ ਸੂਚੀ 'ਤੇ ਜਾਓ
1:15 PM | 1 comments

ਅਪ੍ਰੈਲ ਅੰਕ: ਘਰ

Written By ਲਫ਼ਜ਼ਾਂ ਦਾ ਸੇਵਾਦਾਰ on Friday, May 1, 2009 | 12:27 AM

ਅੰਕ ਚੌਥਾ(ਅਪ੍ਰੈ਼ਲ)
ਵਿਸ਼ਾ ਘਰ
ਵਿਸ਼ਾ ਭੇਜਿਆ ਜਸਵੰਤ ਜ਼ਫ਼ਰ

ਦੋਸਤੋ!!! ਕਾਵਿ-ਸੰਵਾਦ ਦੇ ਚੌਥੇ ਅੰਕ ਵਿੱਚ ਕਲਮਕਾਰਾਂ ਨੇ ਲਫ਼ਜ਼ਾਂ ਦੀਆਂ ਬਹੁਤ ਖੁਬਸੂਰਤ ਇੱਟਾਂ ਚਿਣ ਕੇ ਕਵਿਤਾ ਦਾ ਬਹੁਤ ਹੀ ਸੋਹਣਾ ਘਰ ਸਿਰਜਿਆ ਹੈ। ਅਸਲ ਵਿੱਚ ਘਰ ਬਣਾਉਣ ਲਈ ਪੁਰਸ਼ ਦੀ ਮਿਹਨਤ, ਖ਼ੂਨ ਅਤੇ ਪਸੀਨਾ ਲੱਗਿਆ ਹੁੰਦਾ ਹੈ, ਜਦਕਿ ਘਰ ਨੂੰ ਸਜਾਉਣ, ਸੰਵਾਰਨ ਅਤੇ ਸੰਭਾਲਣ ਵਿੱਚ ਸੁਆਣੀਆਂ ਦਾ ਕੋਈ ਸਾਨੀ ਨਹੀਂ। ਲਫ਼ਜ਼ਾਂ ਦਾ ਪੁਲ ਦੇ ਇਸ ਘਰ ਅੰਕ ਵਿੱਚ ਵੀ ਇਹ ਗੱਲ ਸਾਫ਼ ਜ਼ਾਹਿਰ ਹੋਈ। ਸ਼ਾਇਦ ਘਰ ਨਾਲ ਸੁਆਣੀਆਂ ਦਾ ਸੰਵੇਦਨਸ਼ੀਲ ਰਿਸ਼ਤਾ ਹੁੰਦਾ ਹੈ, ਸੋ ਇਸ ਵਾਰ ਨਾ ਸਿਰਫ ਕਵਿੱਤਰੀਆਂ ਨੇ ਵੱਧ ਚੜ੍ਹ ਕੇ ਇਸ ਅੰਕ ਵਿੱਚ ਯੋਗਦਾਨ ਦਿੱਤਾ ਹੈ, ਬਲਕਿ ਵੱਡੀ ਤਸੱਲੀ ਦੀ ਗੱਲ ਇਹ ਹੈ ਕਿ ਘਰ ਵਿਸ਼ੇ ਨੇ ਉਨ੍ਹਾਂ ਨੂੰ ਲਫ਼ਜ਼ਾਂ ਦਾ ਪੁਲ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਇਸ ਵਾਰ ਵੀ ਬਹੁਤ ਸਾਰੇ ਨਵੇਂ ਸਾਥੀਆਂ ਨੇ ਆਪਣੀ ਹਾਜ਼ਿਰੀ ਲਵਾਈ ਹੈ। ਅਸੀ ਤਹਿ ਦਿਲ ਤੋਂ ਇਨ੍ਹਾਂ ਦਾ ਸਵਾਗਤ ਕਰਦੇ ਹਾਂ। ਪਾਠਕਾਂ ਨੂੰ ਬੇਨਤੀ ਹੈ ਕਿ ਨਵੇਂ ਸਾਥੀਆਂ ਨੂੰ ਦਿਲ ਖੋਲ ਕੇ ਹੱਲਾਸ਼ੇਰੀ ਦੇਣਾ। ਟਿੱਪਣੀਆਂ ਦੇ ਰਾਹੀਂ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।

ਘਰ ਦੇ ਕਵੀ
ਸਵਰਨਜੀਤ ਕੌਰ ਗਰੇਵਾਲ|ਸੁਰਿੰਦਰ ਕੌਰ 'ਸੁਰ'|ਸੀਮਾ ਸਚਦੇਵ|ਜਸਵੰਤ ਜ਼ਫ਼ਰ|ਗੁਰਿੰਦਰਜੀਤ|ਚਰਨਜੀਤ ਮਾਨ| ਗੁਰਮੀਤ ਬਰਾੜ|ਜਸਵਿੰਦਰ ਮਹਿਰਮ|ਐਚ. ਐਸ. ਡਿੰਪਲ





---------------
ਘਰ-ਸੰਸਾਰ
---------------
ਡਾ. ਸਵਰਨਜੀਤ ਕੌਰ ਗਰੇਵਾਲ

ਘਰ ਦੇ ਲਈ ਪਰਿਵਾਰ ਚਾਹੀਦੈ,
ਤੇ ਉਸ ਵਿਚ ਫੇਰ ਪਿਆਰ ਚਾਹੀਦੈ।

ਇੱਟਾਂ, ਸੀਮਿੰਟ, ਲੋਹਾ, ਲੱਕੜੀ,
ਇਕ ਮਕਾਨ ਬਣਾਉਂਦੇ ਨੇ,
ਐਪਰ ‘ਘਰ’ ਵਸਾਉਣ ਵਾਸਤੇ,
ਘਰ ਦਾ ਇਕ ਸੰਸਾਰ ਚਾਹੀਦੈ ।

ਈਰਖਾ,ਕੀਨਾ, ਵੈਰ ਤੇ ਸਾੜੇ,
ਸਾਜਿਸ਼ ਦਾ ਨਾ ਜਾਲ਼ ਕਿਤੇ,
ਘਰ ਨੂੰ ‘ਘਰ’ ਅਖਵਾਉਣ ਵਾਸਤੇ,
ਹਰ ਰਿਸ਼ਤਾ ਇਕ-ਤਾਰ ਚਾਹੀਦੈ ।

ਵੱਡੇ ਜਿੱਥੇ ਆਦਰ ਪਾਵਣ,
ਛੋਟਿਆਂ ਤਾਈਂ ਪਿਆਰ ਮਿਲੇ,
ਘਰ ਦਾ ਜਗਤ ਰਚਾਉਣ ਵਾਸਤੇ,
ਹਰ ਇਕ ਜੀਅ ਦਿਲਦਾਰ ਚਾਹੀਦੈ ।

ਮਾਂ-ਪਿਉ, ਬੱਚੇ, ਭਾਈ-ਭੈਣਾਂ,
ਜਿੱਥੇ ‘ਕੱਠੇ ਰਹਿੰਦੇ ਨੇ,
ਘਰ ਨੂੰ ਸਵਰਗ ਬਣਾਉਣ ਵਾਸਤੇ,
ਹਰ ਇਕ ਦਿਨ ਤਿਉਹਾਰ ਚਾਹੀਦੈ ।

ਸੁਹਣੀ ਪੌਦ ਸੰਵਾਰੀ ਹੋਵੇ,
ਰੌਣਕ ਭਰੀ ਕਿਆਰੀ ਹੋਵੇ,
ਘਰ ਦਾ ਬਾਗ ਸਜਾਉਣ ਵਾਸਤੇ,
ਮਾਲੀ ਵੀ ਹੁਸ਼ਿਆਰ ਚਾਹੀਦੈ ।

ਕਵੀ ਸੂਚੀ 'ਤੇ ਜਾਓ


------------------------
ਘਰ, ਪਿਆਰ 'ਤੇ ਡਰ
------------------------
ਸੁਰਿੰਦਰ ਕੌਰ ਸੁਰ


ਘਰ
ਇਹ ਜੋ ਲੋਹੇ, ਲੱਕੜ
ਸੀਮੈਂਟ ਅਤੇ ਇੱਟਾਂ ਤੋਂ
ਬਣੀ ਇਮਾਰਤ ਹੈ,
ਇਹ ਮੇਰਾ ਘਰ ਹੈ

ਜਿਸਨੇ ਮੈਨੂੰ ਬੜਾ ਕੁਝ ਦਿੱਤਾ,
ਜਿਸਦਾ ਮੈਂ ਹੱਕਦਾਰ ਸਾਂ/ਹਾਂ
ਤੇ ਨਹੀਂ ਹਾਂ/ਸਾਂ

ਇਸਦੀਆਂ ਕੰਧਾਂ ਅਤੇ ਛੱਤਾਂ
ਹੇਠ ਕਈ ਸੁਪਨੇ ਪਨਪੇ,
ਅਤੇ ਪੂਰੇ ਹੋਏ
ਅਤੇ ਕਈ ਕੰਧਾਂ ਅਤੇ ਛੱਤਾਂ ਨਾਲ ਹੀ
ਟਕਰਾ ਕੇ ਚੂਰ-ਚੂਰ ਹੋ ਗਏ
(ਕਿਉਂ ਕਿ ਇਨ੍ਹਾਂ ਦੇ ਪੂਰੇ ਹੋਣ ਲਈ,
ਘਰ ਛੱਡਣਾ ਜ਼ਰੂਰੀ ਸੀ
ਅਤੇ ‘ਘਰ’ ਵੀ ਜਲ਼ਰੂਰੀ ਸੀ)

ਇਹ ਉਹ ਥਾਂ ਹੈ,
ਜਿਥੇ ਮੈਂ ਆਪਣਿਆਂ ਨਾਲ ਲੜਦਾ ਹਾਂ
ਆਪਣੇ ਆਪ ਨਾਲ ਲੜਦਾ ਹਾਂ
ਤੂੜੀ ਦੀ ਪੰਡ ਵਾਂਗ
ਖਿੰਡ-ਪੁੰਡ ਜਾਂਦਾ ਹਾਂ
ਅਤੇ ਫਿਰ ਇਕੱਠਾ ਹੋ ਜਾਂਦਾ ਹਾਂ
'ਤੇ ਘਰੋਂ ਨਿਕਲਣ ਤੋਂ ਪਹਿਲਾਂ
ਤਿਆਰ ਹੁੰਦਾ ਹਾਂ
ਵਾਰ ਕਰਨ ਲਈ ਜਾਂ ਸ਼ਿਕਾਰ ਕਰਨ ਲਈ
ਘਰ ਉਹ ਸ਼ੈਅ ਹੈ,
ਜਿਸਨੂੰ ਮੈਂ ਦੁਨੀਆਂ ਵਿੱਚ
ਸਭ ਤੋਂ ਵੱਧ ਪਿਆਰ ਕਰਦਾ ਹਾਂ
'ਤੇ ਉਨਾਂ ਹੀ ਡਰਦਾ ਹਾਂ

ਕਵੀ ਸੂਚੀ 'ਤੇ ਜਾਓ


-----------------
ਘਰ 'ਤੇ ਬਚਪਨ
-----------------
ਸੀਮਾਂ ਸਚਦੇਵ


ਘਰ
ਕਦੇ ਪੈਰਾਂ ਤੇ ਰੇਤ ਥਪਥਪਾਂਦੇ ਸੀ
'ਤੇ ਪਿਆਰਾ ਜੇਹਾ ਘਰ ਬਣਾਂਦੇ ਸੀ
ਫ਼ਿਰ ਤੀਲਿਆਂ ਨਾਲ ਸਜਾਉਣਾ
ਫੁੱਲ ਬੂਟੇ ਬਣਾਓਣਾ
ਇਕ ਦੂਜੇ ਨੂੰ ਸਮਝਾਓਣਾ
ਰੁੱਸਣਾ ਮਨਾਓਣਾ
ਗੁੱਡਾ-ਗੁੱਡੀ ਲਿਆਓਣਾ
ਵਿਆਹ ਰਚਾਓਣਾ
ਤੇ ਫ਼ਿਰ ਰੇਤ ਦੇ ਘਰੋਂਦੇ ਦਾ
ਤੋੜਣਾ ਤੁੜਾਓਣਾ
ਕਿੰਨਾ ਭੋਲਾ ਜਿਹਾ ਵਿਚਾਰ ਸੀ
ਤਦ ਹਰ ਦਿਨ ਤਿਓਹਾਰ ਸੀ
ਨਾ ਚਿੰਤਾ ਨਾ ਫ਼ਿਕਰ ਸੀ
ਨਾ ਫਾਲਤੂ ਦਾ ਡਰ ਸੀ
ਆਪੇ ਘਰ ਬਣਾਂਦੇ 'ਤੇ
ਆਪੇ ਮਿਟਾਂਦੇ ਸੀ
ਮੁੜ-ਮੁੜ ਰੇਤ ਦੇ
ਟਿੱਲਿਆਂ ਤੇ ਜਾਂਦੇ ਸੀ
'ਤੇ ਕਦੋਂ ਪੈਰਾਂ 'ਤੇ ਬਣਾਏ ਹੋਏ ਘਰ ਲੁੱਟ ਗਏ
ਰੇਤ ਦੇ ਟਿਲੇ ਪਤਾ ਨਹੀਂ ਕਿਥੇ ਛੁੱਟ ਗਏ
ਗੁੱਡੇ ਗੁੱਡੀ ਨੇ ਪਤਾ ਨਹੀਂ
ਕਿਹੜਾ ਘਰ ਬਣਾਇਆ
'ਤੇ ਉਹਨੂਂ ਕਿਵੇਂ ਸਜਾਇਆ
ਹੁਣ ਬਸ ਯਾਦਾਂ ਵਿੱਚ ਹੀ ਆਇਆ
ਫਿਰ ਤੋਂ ਇਕ ਘਰ ਦਾ ਸੁਫ਼ਨਾ ਸਜਾਇਆ
ਮਕਾਨ ਤਾਂ ਬਣਾਇਆ
ਪਰ ਘਰ ਕਦੇ ਬਣਨ 'ਚ ਨਾ ਆਇਆ

ਕਵੀ ਸੂਚੀ 'ਤੇ ਜਾਓ


---------------------
ਖੂਨ ਪਸੀਨਾ ਸਿਆਹੀ
---------------------
ਜਸਵੰਤ ਜ਼ਫਰ


ਮਜ਼ਦੂਰ ਇੱਟਾਂ ਵੱਟੇ ਢੋਅ ਰਹੇ
ਮਿਸਤਰੀ ਚਿਣ ਰਹੇ
ਮੇਰਾ ਸਿਆਹੀ ਦੀ ਕਮਾਈ ਨਾਲ
ਮਕਾਨ ਬਣ ਰਿਹਾ ਹੌਲੀ ਹੌਲੀ
ਨਾਲ ਨਾਲ ਮੈਂ ਵੀ ਬਣ ਰਿਹਾਂ
ਬਣਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ
ਬਣਦਾ ਮਕਾਨ ਬੰਦੇ ਨੂੰ ਨਵਾਂ ਗਿਆਨ ਦਿੰਦਾ

ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ
ਮੈਨੂੰ ਦੱਸਿਆ
ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ
ਮੇਰੇ ਕਿੱਲ ਠੋਕਣ 'ਤੇ
ਮਾਲਕ ਮਕਾਨ ਦਾ ਸੀਨਾ ਕਿਓਂ ਪਾਟਦਾ ਸੀ
ਉਹਦਾ ਮਕਾਨ ਪਸੀਨੇ ਦੀ ਕਮਾਈ ਦਾ

ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ 'ਤੇ
ਪਤਨੀ ਦੀਆਂ ਅੱਖਾਂ ਚੋਂ
ਪਰਲ ਪਰਲ ਅੱਥਰੂ ਵਗਦੇ
ਮੈਂ ਖਿੱਝਦਾ
ਕਿ ਰੋਣ ਦੀ ਕਿਹੜੀ ਗੱਲ ਹੋਈ

ਪਰ ਹੁਣ ਮੈਂ ਖਿਝਦਾ ਤਾਂ ਮੈਨੂੰ ਸਮਝਾਉਂਦਾ
ਇਹ ਸਿਆਹੀ ਦੀ ਕਮਾਈ ਨਾਲ ਬਣਦਾ ਮਕਾਨ
ਕਿ ਖਿਝ ਨਾ ਭਲਿਆ ਮਾਣਸਾ
ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ
ਬਣੇ ਹਨ

ਬਣਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ
ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ

ਕਵੀ ਸੂਚੀ 'ਤੇ ਜਾਓ


---------------------
ਮੇਰੇ ਘਰ ਦਾ ਰਾਹ
---------------------
ਗੁਰਿੰਦਰਜੀਤ


ਮਿੱਟੀ ਘੱਟਾ, ਛੱਪੜੀਆਂ
ਟੋਇਆਂ, ਟਿੱਬਿਆਂ ਅਤੇ
ਕਿੱਕਰ ਦੇ ਕੰਡਿਆਂ ਭਰਿਆ
ਨਿਮਾਣਾ 'ਤੇ ਗਰੀਬ ਜਿਹਾ
ਸਰਕਾਰੀ ਗ੍ਰਾਂਟਾਂ ਤੋਂ ਵਾਂਝਾ
ਕਦੇ ਸੁੱਕਾ ਧੂੜ ਭਰਿਆ
'ਤੇ ਕਦੇ ਘਾਣੀ ਜਿਹਾ ਖੋਭਾ
ਹੁੰਦਾ ਸੀ ਉਹ ਰਾਹ
ਜੋ ਮੈਨੂੰ ਦਿਨੇ ਰਾਤੀਂ ਅਤੇ
ਮੀਂਹ ਕਣੀਂ ‘ਚ ਵੀ
ਸਿੱਧਾ ਘਰ ਪਹੁੰਚਾ ਦਿੰਦਾ

ਫਿਰ ਬੇ-ਕਦਰ ਹੋ ਗਿਆ ਸਾਂ
ਵਧੀਆ ਰਾਹ ਦੀ ਤਲਾਸ਼ ਕਰਦਾ ਕਰਦਾ
ਹੁਣ ਮੈਂ
ਲਿਸ਼ਕਦੇ ਰਾਹਾਂ ਦੀ ਭੀੜ ‘ਚ
ਆਪਣੇ ਘਰ ਦਾ
ਰਾਹ ਭੁੱਲ ਬੈਠਾਂ
ਮਹਾਂਮਾਰਗੋਂ, ਸੈਟੇਲਾਈਟੋਂ
ਜੀਪੀ ਐੱਸੋਂ, ਹਵਾਈ ਜਹਾਜ਼ੋਂ
ਮੈਂ ਤੁਹਾਡੀ ਬੜੀ ਤਾਰੀਫ ਸੁਣੀ ਹੈ
ਕੋਈ ਦਿਖਾ ਦੇਵੋ ਮੈਨੂੰ
ਮੇਰੇ ਘਰ ਦਾ ਰਾਹ
ਮੈ ਘਰ ਵਾਪਿਸ ਜਾਣਾ ਹੈ।

ਕਵੀ ਸੂਚੀ 'ਤੇ ਜਾਓ


----------------------
ਘਰ ਦੀ ਤਲਾਸ਼
----------------------
ਚਰਨਜੀਤ ਮਾਨ


ਘਰ ਛੱਡ ਨਿਕਲ ਤੁਰਿਆ ਸੀ
ਯਤੀਮ ਇੱਕ ਖ਼ੂਨ
ਤਲਾਸ਼ ਵਿੱਚ
ਘਰ ਦੀ
ਆਪਣੇ ਲਈ
'ਤੇ
ਟੁਕੜਿਆਂ ਲਈ
ਯਤੀਮ ਲਹੂ ਦੇ,
'ਤੇ ਕੁਝ ਠੰਡੀਆਂ ਹਵਾਵਾਂ
ਵਿਲਕਦੀ ਮਮਤਾ ਦੇ ਲਈ,

ਬਿਜੜਿਆਂ ਦੀ ਚੁੰਝ ਬਣ
ਉਣੇ ਵੀ ਕੁਝ ਕੱਖ-ਪਰਾਲ
ਬੇਦਿਲੀ ਦੇ ਆਲਣੀਂ
ਅਧੂਰੇ ਸੁਫਨਿਆਂ ਵਰਗੇ,
ਮੋਹ ਦੇ ਮੋਢਿਆਂ 'ਤੇ
ਢੋਂਵਦਾ ਰਿਹਾ ਕੰਧਾਂ
ਕਦੀ ਦਰਵਾਜ਼ੇ,
ਤੇ ਛੱਤ ਦੇ ਭਰਮ ਕਦੀ,
ਛਾਂ ਵੀ ਰਹੀ ਕੰਧਾਂ ਦੀ ਉਂਝ
'ਤੇ ਛੱਤਾਂ ਵੀ ਨਿਭਾਇਆ
ਉਸ ਦੀ ਜਗ੍ਹਾ ਭਿੱਜ ਜਾਣ ਦਾ
ਫਰਜ਼

ਜੀਣ ਦਾ ਕੋਈ
ਰੰਗ ਐਪਰ
ਵਰਜਿਤ ਹੀ ਰਿਹਾ
ਕੰਧਾਂ ਤੋਂ,
ਮੁਸਕਰਾਂਦੀ ਕਿਸੇ ਰੌਸ਼ਨੀ
ਨੇ ਵੀ ਮੱਲਿਆ ਨਹੀਂ
ਕੋਨਾ ਕੋਈ
ਇਸ ਬਣਤਰ ਦਾ,
ਅਤੇ ਨਬਜ਼ ਰਹੀ ਗਾਇਬ
ਸਰਦਲ ਦੇ ਬੁੱਲਾਂ 'ਤੇ
"ਜੀ ਆਇਆਂ ਦੇ"
ਬੋਲਾਂ ਦੀ

ਕੀ ਕੀ ਕਿਰ ਗਿਆ
ਇਸ ਅਰਸੇ ਵਿਚ ਲੇਕਿਨ
ਕੁਝ ਰੋਸੇ , ਸ਼ਿਕਵੇ ਕਈ
ਲਹੂ ਉਸ ਦੇ ਟੁਕੜਿਆਂ ਦੇ
ਗਲਤ ਵੀ 'ਤੇ ਨਹੀਂ ਸਨ ਸਾਰੇ,
ਪਰ ਕਦ ਹੁੰਦੀ ਹੈ ਪਛਾਣ
ਵਕਤ ਸਿਰ ਮਜਬੂਰੀਆਂ ਦੀ ਵੀ,
ਅਤੇ
ਤਰੇੜਾਂ ਇੰਝ ਫੇਰ
ਬਦਲ ਗਈਆਂ ਫਾਸਲਿਆਂ ਵਿੱਚ
ਬੇਗਾਨਗੀ ਦੇ,

ਪਰ ਫੇਰ ਵੀ ਲੱਗਿਆ ਸੀ
ਦੇਖਣ ਨੂੰ ਹੀ ਸਹੀ ਚਾਹੇ
ਕਿ ਪਹੁੰਚ ਗਿਆ ਕਿਸੇ ਠਿਕਾਣੇ
ਹਰ ਟੁਕੜਾ ਆਪਣੇ ਆਪਣੇ,
ਪਰ ਫੇਰ
ਇਕ ਟੁਕੜਾ
ਲਹੂ ਬਣ ਵਹਿ ਗਿਆ
ਪਿੱਛੇ ਬਚੀਆਂ ਅੱਖਾਂ ਤੋਂ
ਓਹਲੇ ਹੋਣ ਸਦਾ ਲਈ ,
'ਤੇ
ਦੂਸਰਾ ਹੋ ਗਿਆ
ਰੋਗ
ਉਮਰਾਂ ਦਾ
ਆਪਣੀ 'ਤੇ ਸਭ ਦੀਆਂ ਦਾ,
'ਤੇ
ਆਉਂਦੇ ਰਹੇ
ਹਾੜ ਦੇ ਝੁਲਸਦੇ ਬੁੱਲੇ ਹੀ
ਦੂਸਰੀਆਂ ਦਿਸ਼ਾਵਾਂ ਤੋਂ ਵੀ
ਵਕਤ-ਬੇਵਕਤ,
ਫੇਰ ਤੁਰਨਾ ਪਿਆ
ਠੰਡੀਆਂ ਹਵਾਵਾਂ ਦੀ ਹੱਕਦਾਰ
ਮਮਤਾ ਨੂੰ
ਤਪਦੇ ਦੁਪਹਿਰੀਂ ਹਾੜ ਦੇ
ਮੁੜ ਇਕ ਵਾਰ,

ਨਿਸਲਦਾ ਇਹ ਖੂਨ ਹੁਣ
ਵਿਚਰਦਾ ਹੈ
ਛਲਾਵਿਆਂ ਵਿਚ ਘਰਾਂ ਦੇ,
'ਤੇ ਘਰ ਕਿ ਜੋ ਘਰ ਸੀ
ਉਡੀਕਦਾ ਹੈ ਬੇ-ਘਰਿਆਂ ਨੂੰ
ਜਿੰਦਰਿਆਂ ਦੀ ਕੈਦ ਤੋਂ

ਕਵੀ ਸੂਚੀ 'ਤੇ ਜਾਓ


----------------------
ਮੈਂ ਘਰ ਨਹੀਂ ਹਾਂ
----------------------
ਗੁਰਮੀਤ ਬਰਾੜ



ਜਿਵੇਂ ਜਿਵੇਂ
ਮੇਰੇ ਦੁਆਲੇ ਚੋਂ
ਤੁਸੀਂ ਹੁੰਦੇ ਰਹੇ ਗ਼ੈਰ ਹਾਜ਼ਿਰ
ਮੈਂ ਆਪਣੇ ਆਪ ਦੇ ਹੁੰਦਾ ਗਿਆ
ਹੋਰ ਨੇੜੇ
ਕਿਤੇ ਵੀ
ਨਹੀਂ ਲਿਜਾ ਸਕੀ ਮੈਨੂੰ
ਮੰਗਵੇਂ ਖੰਬਾਂ ਦੀ ਓਡਾਰੀ
ਨਾ ਹੀ ਰਿਹਾ ਮੈਂ
ਆਲਣੇਂ 'ਚ ਮੁੜਨ ਜੋਗਾ
ਤੈਨੂੰ ਮੈਂ ਕੀ ਦੱਸਾਂ ਵੇ
ਸੱਜਣ ਸੁਹੇਲੜਿਆਂ
ਅਜੇ ਮੁੱਕੀ ਨਹੀਂ ਮੇਰੀ
ਮੇਰੇ ਮਕਾਨ 'ਚ
ਮੇਰੇ ਘਰ ਦੀ ਤਲਾਸ਼
ਤਾਂ ਹੀ ਤਾਂ
ਹਰ ਵਾਰੀ
ਜਦੋਂ ਕੋਈ
ਬਾਰ ਖੜਕਾਓਦਾ ਹੈ ਤਾਂ
ਵਿਰਲਾਂ ਥਾਣੀਂ ਝਾਕ ਕੇ
ਮੈਂਨੂੰ ਪੈਂਦਾ ਹੈ ਆਖਣਾਂ
ਕਿ
ਮੈਂ ਘਰ ਨਹੀਂ ਹਾਂ

ਕਵੀ ਸੂਚੀ 'ਤੇ ਜਾਓ


-------
ਗਜ਼ਲ
-------
ਜਸਵਿੰਦਰ ਮਹਿਰਮ


ਹਰ ਇਕ ਬੰਦਾ ਸੁਪਨਾ ਸਿਰਜੇ ਉਸਨੇ ਕਿਵੇਂ ਬਨਾਉਣਾ ਘਰ ਨੂੰ |
ਲੇਕਿਨ ਸਭ ਦੀ ਕਿਸਮਤ ਵਿਚ ਤਾਂ ਹੁੰਦਾ ਨਹੀਂ ਵਸਾਉਣਾ ਘਰ ਨੂੰ |
ਪੈਸੇ ਵਾਲਾ ਜਦ ਵੀ, ਜਿੱਥੇ ਚਾਹੇ ਮਹਿਲ ਬਣਾ ਸਕਦਾ ਹੈ ,
ਮਾਤੜ ਲਈ ਤਾਂ ਇਕ ਵਾਰੀ ਵੀ ਔਖਾ ਬਹੁਤ ਬਨਾਉਣਾ ਘਰ ਨੂੰ |
ਚਹੁੰ ਕੰਧਾਂ 'ਤੇ ਛੱਤ ਪਾ ਦਈਏ , ਤਾਂ ਉਸਨੂੰ ਵੀ ਘਰ ਨਹੀਂ ਕਹਿੰਦੇ,
ਦੋ ਜੀਅ , ਬੱਚੇ ਦੀ ਕਿਲਕਾਰੀ ਰੱਖਦੇ ਸਦਾ ਲੁਭਾਉਣਾ ਘਰ ਨੂੰ |
ਬਾਪੂ ਦੇ ਮੰਜੇ ਦੇ ਹਿੱਸੇ , ਖ਼ਵਰੇ ਕਿਸ ਖੂੰਜੇ ਨੇ ਆਉਣਾ ,
ਜੁਦਾ ਰਹਿਣ ਲਈ ਪੁੱਤਰਾਂ ਨੇ ਜਦ ਉਸ ਕੋਲੋਂ ਵੰਡਵਾਉਣਾ ਘਰ ਨੂੰ |
ਉਸਨੇ ਤਾਂ ਮਜ਼ਬੂਰੀ ਵਸ ਹੀ , ਚੁਣਿਆ ਹੈ ਬਣਵਾਸ ਭੁਗਤਣਾ ,
ਸੁਪਨੇ ਵਿਚ ਵੀ ਮੁਸ਼ਕਿਲ ਲੱਗਦੈ , ਉਸਦਾ ਕਦੇ ਭੁਲਾਉਣਾ ਘਰ ਨੂੰ |
ਕਦੇ ਕਦੇ ਬੇਕਦਰੀ ਸਹਿ ਕੇ , ਵੀ ਮੋਹ ਉਸਦਾ ਛੱਡ ਨਹੀਂ ਹੁੰਦਾ ,
ਚੰਗੇ ਦਿਨਾਂ ਦੀ ਆਸ 'ਚ ਮੁੜ ਮੁੜ ਪੈਂਦਾ , ਵਾਪਿਸ ਆਉਣਾ ਘਰ ਨੂੰ |
ਮਰਦ ਕਮਾਈ ਕਰ ਕੇ ਬੇਸ਼ੱਕ ਭਰ ਦੇਵੇ ਘਰ ਸਾਰਾ , ਲੇਕਿਨ ,
ਸੁਘੜ ਸਿਆਣੀ ਔਰਤ ਜਾਣੇ , ਲਿਸ਼ਕਾਉਣਾ ਚਮਕਾਉਣਾ ਘਰ ਨੂੰ |
ਇਕ ਦੀ ਲਾਪਰਵਾਹੀ , ਦੂਜੇ ਦੀ ਮਨਮਰਜ਼ੀ ਚੱਲਦੀ ਜਿੱਥੇ ,
ਰੱਬ ਹੀ ਜਾਣੇ ਉਸ ਹਾਲਤ ਵਿਚ , ਟੁੱਟਣੋਂ ਕਿਵੇਂ ਬਚਾਉਣਾ ਘਰ ਨੂੰ |
ਇਕ ਦੋ ਵਾਰੀ ਪੱਕਾ ਦਿਨ ਵਿਚ , ' ਛਡਜੂੰ ਛਡਜੂੰ ' ਕਹਿੰਦਾ ਮਾਹੀ ,
ਨਾ ਜਾਣੇ ਕਿਉਂ ਸੌਖਾ ਸਮਝੇ , ਢਾਹ ਕੇ ਫੇਰ ਬਨਾਉਣਾ ਘਰ ਨੂੰ |
ਤੁਰ ਪੈਂਦਾ ਉਹ ਕਹਿ ਕੇ ਅੱਜ ਨਹੀਂ ਮੁੜਨਾ , ਲੇਕਿਨ ਆ ਜਾਂਦਾ ਹੈ ,
ਇੰਝ ਹੀ ਚੱਲਦਾ ਰਹਿੰਦਾ ਉਸਦਾ ਘਰ ਤੋਂ ਜਾਣਾ , ਆਉਣਾ ਘਰ ਨੂੰ |
ਮੇਰੇ ਸਿਰ 'ਤੇ ਛੱਤ ਜੋ ਦਿਸਦੀ, ਕਰਜ਼ੇ ਹੇਠ ਦਬੀ ਹੈ ਹਾਲੇ ,
ਸਾਲਾਂ ਬੱਧੀ ਕਿਸ਼ਤਾਂ ਦੇ ਦੇ , ਪੈਣਾਂ ਅਜੇ ਛੁਡਾਉਣਾ ਘਰ ਨੂੰ |
ਕੁੱਲੀ ਵਿਚ ਸੁਰਗਾਂ ਦੇ ਝੂਟੇ , ਮਿਲ ਜਾਣੇ ਜੇ ਨਾਲ ਰਹੇ ਉਹ ,
ਖ਼ਵਰੇ ਮੇਰੇ ' ਮਹਿਰਮ ' ਨੇ ਹੁਣ , ਕਿਸ ਦਿਨ ਫੇਰਾ ਪਾਉਣਾ ਘਰ ਨੂੰ |

ਕਵੀ ਸੂਚੀ 'ਤੇ ਜਾਓ



-------
ਵਸੀਲਾ
-------
ਐਚ. ਐਸ. ਡਿੰਪਲ


ਘਰ ਹਮੇਸ਼ਾ ਵਸੀਲਾ ਨਹੀਂ ਹੁੰਦੇ
ਇਨਸਾਨ ਦੇ ਰਹਿਣ ਦਾ
ਆਪਣਿਆਂ ਨੂੰ ਖੁਸ਼ਾਮਦੀਦ ਕਹਿਣ ਦਾ
ਰਾਤਾਂ ਕੱਟਣ ਅਤੇ ਧੁੱਪਾਂ ਮਾਣਨ/ਸੇਕਣ ਦਾ
ਸਕੀਮਾਂ ਘੜਣ ਅਤੇ ਸਿਰੇ ਚੜਾਉਣ ਦਾ
ਸੱਧਰਾਂ ਦੇ ਪਨਪਨ ਅਤੇ ਉਨ੍ਹਾਂ ਦੇ ਜਵਾਨ ਹੋਣ ਤੋਂ
ਬੁਢਾਪੇ ਦੀ ਜੂਨ ਹੰਢਾਉਣ ਦਾ ....
ਪਹੀਏ ਜਾਂ ਸਰਾਂ ਜਾਂ ਪੌੜੀ ਹੀ ਨਹੀਂ ਹੁੰਦੇ ਸਿਰਫ਼!

ਕਈ ਵਾਰ ਇਹ
ਸੁਪਨਿਆਂ ਦੀ ਮੰਜਿ਼ਲ, ਖੁਸ਼ੀਆਂ ਦੀ ਸੀਮਾ
ਜਾਂ ਮਕਸਦ ਦੀ ਪ੍ਰਾਪਤੀ ਦਾ ਚਿੰਨ
ਤੁਹਾਡੇ ਅੰਦਰ ਦਾ ਅਕਸ ਵੀ ਹੁੰਦੇ ਹਨ
ਤੁਹਾਡੀ ਸਫ਼ਲਤਾ ਦਾ ਰਹੱਸ ਵੀ ਹੁੰਦੇ ਹਨ
ਤੁਹਾਡੇ ਅੰਦਰ-ਬਾਹਰ ਰਚਮਿਚ ਵੀ ਜਾਂਦੇ ਹਨ

ਪਰ ਅਜਿਹਾ ਸਿਰਫ਼ ਤਦ ਤੱਕ ਹੁੰਦਾ ਹੈ
ਜਦ ਤੱਕ ਤੁਹਾਡੇ ਹੱਥ
ਇਕ ਹੋਰ ਘਰ ਦੀ ਚਾਬੀ ਜਾਂ ਮਾਲਕੀ ਨਾ ਆ ਜਾਵੇ
'ਤੇ ਫਿਰ ਮਰ ਚੁੱਕੀਆਂ ਸੱਧਰਾਂ ਮੁੜ-ਜੰਮਦੀਆਂ ਹਨ ਕੁਕੂਨਸ ਵਾਂਗ
'ਤੇ ਇਕ ਹੋਰ ਪਰਦਾ ਚੁੱਕਿਆ ਜਾਂਦਾ ਹੈ ਤੁਹਾਡੇ ਤੋਂ
ਜਿਸ ਨੂੰ ਨਵਾਂ ਘਰ ਢਕ ਕੇ ਰੱਖਦਾ ਹੈ
ਸਿਰਫ਼ ਤਦ ਤੱਕ
ਜਦ ਤੱਕ ਇਕ ਹੋਰ ਘਰ ਦੀ ਚਾਬੀ ਹੱਥ ਨਾ ਆ ਜਾਵੇ

ਉਂਝ ਘਰ ਹਮੇਸ਼ਾ
ਵਸੀਲਾ ਹੀ ਨਹੀਂ ਹੁੰਦੇ........
ਹੋਰ ਵੀ ਬਹੁਤ ਕੁਝ ਹੁੰਦੇ ਹਨ!
ਹੋਰ ਵੀ ਬਹੁਤ ਕੁਝ ਹੁੰਦੇ ਹਨ!!
ਹੋਰ ਵੀ ਬਹੁਤ ਕੁਝ ਹੁੰਦੇ ਹਨ!!!

ਕਵੀ ਸੂਚੀ 'ਤੇ ਜਾਓ
12:27 AM | 4 comments

ਮਾਰਚ ਅੰਕ: ਰੰਗ

Written By ਲਫ਼ਜ਼ਾਂ ਦਾ ਸੇਵਾਦਾਰ on Wednesday, April 1, 2009 | 1:05 AM

ਅੰਕ ਤੀਸਰਾ(ਮਾਰਚ)
ਵਿਸ਼ਾ ਰੰਗ

ਦੋਸਤੋ!!! ਕਾਵਿ-ਸੰਵਾਦ ਦੇ ਤੀਸਰੇ ਅੰਕ ਵਿੱਚ ਸਿਰਜਣਸ਼ੀਲ ਸਾਥੀਆਂ ਦੀ ਕਲਮ ਨੇ ਜੋ ਰੰਗ ਭਰੇ ਹਨ ਉਨ੍ਹਾਂ ਨੂੰ ਲਫ਼ਜ਼ਾਂ ਵਿੱਚ ਬਿਆਨ ਕਰਨਾ ਸਚਮੁੱਚ ਮੁਸ਼ਕਿਲ ਹੈ। ਰੰਗ ਜਿਹੇ ਵਿਸ਼ਾਲ ਅਤੇ ਅੰਤਹੀਣ ਵਿਸ਼ੇ ਦੇ ਉੱਤੇ ਵੱਖ-ਵੱਖ ਰਿਸ਼ਤਿਆਂ, ਅਹਿਸਾਸਾਂ ਅਤੇ ਸੰਵੇਦਨਾਵਾਂ ਨਾਲ ਭਰਪੂਰ ਰਚਨਾਵਾਂ ਨੇ ਇਸ ਅੰਕ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ ਹੈ। ਇਸ ਵਾਰ ਫੇਰ ਦੋ ਨਵੇਂ ਸਾਥੀਆਂ ਦੀ ਆਮਦ ਹੋਈ ਹੈ। ਲਫ਼ਜ਼ਾਂ ਦਾ ਪੁਲ 'ਦੇ ਸਮੂਹ ਸਾਥੀ ਉਨ੍ਹਾਂ ਨੂੰ ਖੁਸ਼ਆਮਦੀਦ ਆਖਦੇ ਹਨ। ਲਫ਼ਜ਼ਾ ਦਾ ਪੁਲ ਦੇ ਪਹਿਲੇ ਪੜਾਅ ਤੋਂ ਸਾਥ ਨਿਭਾ ਰਹੇ ਕਲਮਕਾਰਾਂ ਦੇ ਤਾਂ ਅਸੀ ਸਦਾ ਹੀ ਰਿਣੀ ਰਹਾਂਗੇ। ਸੋ ਆਉ ਸਾਥੀਓ, ਦੁਨੀਆਂ ਦੇ ਰੰਗਾਂ ਦਾ ਲਫ਼ਜ਼ਾਂ ਦੇ ਰੰਗ ਵਿੱਚ ਰੰਗਿਆਂ ਇਹ ਰੂਪ ਹੰਢਾਈਏ 'ਤੇ ਕਾਵਿ ਦੇ ਇਸ ਸੰਵਾਦ ਨੂੰ ਅੱਗੇ ਤੋਰੀਏ। ਆਪਣੀਆਂ ਵੱਡਮੁਲੇ ਵਿਚਾਰ ਟਿੱਪਣੀਆਂ ਦੇ ਰੂਪ ਵਿੱਚ ਦਰਜ ਕਰਨਾ ਨਾ ਭੁੱਲਣਾ, ਤੁਹਾਡਾ ਇੱਕ ਇੱਕ ਹਰਫ ਹਰ ਰਚਨਾਕਾਰ ਦੀ ਤਰੱਕੀ ਅਤੇ ਕਲਮ ਦੀ ਪੁਖ਼ਤਗੀ ਲਈ ਰਾਹ ਦਿਸੇਰੇ ਦਾ ਕੰਮ ਕਰੇਗਾ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।

ਰੰਗ ਦੇ ਕਵੀ
ਗੁਰਿੰਦਰਜੀਤ|ਇੰਦਰਜੀਤ ਨੰਦਨ|ਚਰਨਜੀਤ ਮਾਨ|ਚਰਨਜੀਤ ਸਿੰਘ ਤੇਜਾ|ਜਸਵਿੰਦਰ ਮਹਿਰਮ|ਹਰਪ੍ਰੀਤ ਸਿੰਘ|ਰਮਾ ਰਤਨ|ਐਚ. ਐਸ. ਡਿੰਪਲ





---------------
ਜੀਵਨ ਰੰਗ
---------------
ਗੁਰਿੰਦਰਜੀਤ

ਬਚਪਨ ਦੇ ਕੋਰੇ ਸਫੇ 'ਤੇ
ਆਪਮੁਹਾਰੇ
ਚਿਤਰਿਆ ਗਿਆ,
ਸੱਚਾਈ ਦਾ ਰੰਗ,
ਖ਼ੁਦਾਈ ਦਾ ਰੰਗ,
ਬਹਾਰਾਂ ਦਾ ਰੰਗ,
ਤਿਉਹਾਰਾਂ ਦਾ ਰੰਗ।

ਰੰਗਾਂ ਦੇ ਮਿਸ਼ਰਣ ਦੀ
ਕੈਮਿਸਟਰੀ ਦਾ ਗਿਆਨ ਹੋਇਆ,
ਤਾਂ ਦਿਮਾਗੀ ਕਲਾਡੀਓਸਕੋਪ ਚੋਂ ਉਪਜੇ,
ਲੱਖਾਂ..
ਹੰਕਾਰਾਂ ਦੇ ਰੰਗ,
ਵਿਕਾਰਾਂ ਦੇ ਰੰਗ।
ਜਿੰਦਗੀ..
ਪ੍ਰਿਜ਼ਮ ਚੋਂ ਲੰਘਦੀ,
ਇੱਕ ਕਿਰਨ ਜਾਪੀ,
ਜਿਸ ਮੂਹਰੇ,
ਬੇ-ਮਾਅਨਾ ਹੋ ਗਿਆ,
ਗਹਾਈ ਦੀ ਗਹਿਰ 'ਚ ਛੁਪਿਆ,
ਕਣਕ ਦਾ ਸੁਨਹਿਰੀ ਰੰਗ,
ਮੇਲੇ 'ਚ ਨੱਚਦਾ,
ਬਸੰਤੀ ਰੰਗ।

ਸਿਨਮੇ ਦਾ ਸ਼ੋਅ ਖਤਮ ਹੋਇਆ,
ਰੰਗੀਨ ਉਮਰ ਦੀ ਸ਼ਾਮ ਹੋ ਗਈ।
ਪੱਛੋਂ ਵੱਲ ਮੂੰਹ ਭੁਆ
ਸੂਰਜ਼ ਨੂੰ ਡੁਬੱਣ ਤੋਂ
ਰੋਕਣ ਦੀ ਕੋਸ਼ਿਸ਼ ਕਰਦਾ-ਕਰਦਾ
ਕਲਰ-ਬਲਾਈਂਡ ਹੋ ਗਿਆ।

ਹੁਣ
ਹੱਥ 'ਚ ਫੜੀ
ਮਾਲ਼ਾ ਦੇ ਰੰਗ-ਬਿਰੰਗੇ ਮੋਤੀ
ਮੋਤੀਏ-ਬਿੰਦ ਦੀਆਂ ਪਰਤਾਂ ਚੋਂ
ਭਗਵੇਂ ਹੀ ਭਾਓਂਦੇ ਨੇਂ..!
ਇਨ੍ਹਾਂ ਚੋਂ
ਦਿਨੇ-ਰਾਤੀਂ
ਟੋਹਂਦਾ ਫਿਰਦਾਂ
ਕਰਤਾ ਦੇ ਰੰਗ!

ਕਵੀ ਸੂਚੀ 'ਤੇ ਜਾਓ


------------------------
ਉਮਰ ਦੇ ਰੰਗ
------------------------
ਇੰਦਰਜੀਤ ਨੰਦਨ


ਉਮਰ ਦਾ ਪੈਂਡਾ
ਰੰਗ ਅਵੱਲੇ
ਕਦਮ ਕਦਮ ਤੁਰਦਾ ਜਾਏ...

ਬਾਲਪਨ, ਰੰਗ ਮਾਸੂਮ
ਚਿਹਰੇ ਉੱਤੋਂ
ਪੜ੍ਹਿਆ ਜਾਏ
ਗੱਲਾਂ ਤੋਤਲੀਆਂ
ਸੱਚ ਬੋਲਦੀਆਂ
ਫੁੱਲ ਜਿਉਂ ਮਹਿਕਣ
ਹਰ ਸ਼ੈਅ ਦੇਖ
ਖਿੜ ਖਿੜ ਜਾਏ

ਕਦਮ ਜਵਾਨੀ
ਰੰਗ ਗੁਲਾਬੀ
ਖੇਡਣ ਨਜ਼ਰਾਂ
ਤੱਕਣ ਨਜ਼ਰਾਂ
ਭੇਤ ਪਛਾਨਣ
ਸੁਪਨੇ ਚਾਨਣ
ਸਭ ਕੁਝ ਜਾਨਣ
ਮਸਤੀ ਦੇ ਵਿੱਚ
ਉੱਡਿਆ ਜਾਏ

ਢਲੇ ਜਵਾਨੀ
ਤੁਰਨ ਹਵਾਵਾਂ
ਲੀਕਾਂ ਵਾਲੀ ਹਵਾ ਦਾ ਬੁੱਲਾ
ਮੂੰਹ ਦੇ ਕੋਲੋਂ
ਲੰਘ ਲੰਘ ਜਾਏ
ਮਨ ਦਾ ਰੰਗ
ਪਰ ਅਜੇ ਵੀ ਗੂੜ੍ਹਾ
ਭਰਮ ਭੁਲੇਖ਼ੇ ਪਾਲ਼ੀ ਜਾਏ

ਕਦਮ ਅਖ਼ੀਰੀ
ਆਏ ਬੁਢਾਪਾ
ਜੀਵਨ ਵਿੱਚੋਂ
ਸੂਝਾਂ ਵਾਲੇ ਸਭ
ਰੰਗ ਹੰਢਾ ਕੇ
ਅੰਤ ਮਿੱਟੀ ਰੰਗਾ
ਜਿਸਮ ਹੋ ਜਾਏ
ਉਮਰ ਦਾ ਪੈਂਡਾ
ਰੰਗ ਅਵੱਲੇ
ਕਦਮ ਕਦਮ ਤੁਰਦਾ ਜਾਏ
ਤੁਰਦਾ ਜਾਏ......

ਕਵੀ ਸੂਚੀ 'ਤੇ ਜਾਓ


---------------------
ਰੰਗ-ਬੇਰੰਗ
---------------------
ਚਰਨਜੀਤ ਮਾਨ


ਕਰਿਸ਼ਮਾ ਹੈ ਕੁਦਰਤ ਦਾ
ਯਾ ਖੁਦਾਈ ਦਾ ਸਦੀਵੀ ਨਿਸ਼ਾਨ
ਸਿਆਲ ਦੀ ਕੋਰੇ-ਜੰਮੀ ਹਿੱਕ
ਜਦ ਹੁੰਦੀ ਹੈ ਹਮਕਲਾਮ

ਰੁਮਕਦੀਆਂ ਹਵਾਵਾਂ ਨਾਲ
ਚੇਤਰ ਦੀਆਂ
ਤੇ ਅੰਗੜਾਈ ਲੈਂਦੀ ਹੈ
ਕੁੱਖ ਧਰਤੀ ਦੀ
ਹਰਿਆਵਲ ਦੇ ਜਨਮ ਲਈ,
ਫੁੱਟਦੀਆਂ ਕੂਲੀਆਂ ਕਰੂੰਬਲਾਂ
ਰੰਗਾਂ ਦਾ ਭਵਿਖ ਸੰਭਾਲੇ
ਤੇ ਫੇਰ ਜਦੋਂ
ਅਨੁਕੂਲ ਹੋਵੇ ਵਰਤਮਾਨ
ਤਾਂ ਭੜਕ ਪੈਂਦੀ ਹੈ
ਖੋਰੀ ਨੂੰ ਲੱਗੀ ਅੱਗ ਜਿਵੇਂ-
ਰੰਗਾਂ ਦੀ ਪ੍ਰਦਰਸ਼ਨੀ

ਪੀਲੱਤਣ ਪਹਿਨੇ ਗੰਦਲਾਂ ਸਰੋਂ ਦੀਆਂ
ਕੇਸੂ ਤੇ ਜਗਮਗਾਦੀਆਂ ਸੁਰਖ ਲਾਟਾਂ
ਗੁਲਾਬਾਂ ਦੀ ਸੁਪਨਮਈ ਵੰਡ
ਅੰਬਰੋਂ ਚੁਰਾਈ ਰੰਗ-ਪੀਂਘ ਤੋਂ

ਇਹ ਰੰਗ ਨੇ ਖ਼ਾਕ ਦੇ
ਧਰਤੀ ਮਾਂ ਦੇ
ਮੌਲਦੀ ਮਮਤਾ ਦੇ
'ਤੇ
ਹਰ ਉਸ ਅਕਸ ਦੇ
ਜਿਸ ਵਿੱਚ ਅੰਸ਼ ਹੋਵੇ
ਉਗਾਣ ਦਾ, ਜੀਵਾਣ ਦਾ

ਤਦ ਹੀ 'ਤੇ ਦਿਲ ਨੇ ਝੂਮਦੇ
ਰੱਖੜੀ ਦੇ ਤਾਲ 'ਤੇ
ਛੱਲਿਆਂ ਦੇ ਅਹਿਸਾਸ 'ਤੇ
ਵਟਦੇ ਰੁਮਾਲਾਂ ਦੀ ਖੁਸ਼ਬੂ 'ਤੇ
ਛਣਕ ਚੂੜਿਆਂ ਦੀ 'ਤੇ
ਘਰ ਦੇ ਸਾਗ ਦੇ ਤੜਕੇ 'ਤੇ,

ਅਤੇ
ਦਿਲ ਨੂੰ ਉਡੀਕ ਨਹੀਂ ਹੁੰਦੀ
ਇਹ ਭੜਕੀਲੇ ਰੰਗ ਫੜਨ ਲਈ
ਕਿਸੀ ਵਕਤ,ਕਿਸੀ ਮੌਸਮ ਦੀ-
ਕਿ ਹੁੰਦੇ ਨੇ ਮਿੱਟੀ ਔਰਤ ਦੀ ਦੇ
ਰੰਗ ਸਦਾਬਹਾਰ

ਫੇਰ ਕਿਉਂ ਹੈ ਕਿ
ਛਾ ਜਾਂਦੀ ਹੈ ਉਦਾਸੀ
ਰੰਗ-ਵਿਹੂਣੀ ਕੋਈ
ਫੁੱਟਦੀ ਹੈ ਕਰੂੰਬਲ ਜਦੋਂ
ਘਰ ਦੀ ਦਹਿਲੀਜ਼ 'ਤੇ
ਧੀ ਦੀ ਚਹਿਕਾਰ ਲਈ ?!!!

ਕਵੀ ਸੂਚੀ 'ਤੇ ਜਾਓ


---------------------
ਰੰਗ ਜਵਾਨੀ ਦੇ
---------------------
ਚਰਨਜੀਤ ਸਿੰਘ ਤੇਜਾ


(1)
ਉਸਦਾ ਪਹਿਲੀ ਵਾਰ ਟੱਕਰਨਾ
'ਤੇ ਮੇਰੇ ਸੁਪਨਿਆ ਦਾ ਰੰਗ ਸੁਨਹਿਰੀ ਹੋਣਾ
ਮੇਰਾ ਮੋੜਾਂ 'ਤੇ ਸਾਹ ਰੋਕ ਕੇ ਖੜਨਾ
'ਤੇ ਉਸਦਾ ਲੰਘਦਿਆਂ ਆਉਦਿਆਂ ਰਾਹੀਂ ਫੁੱਲ ਖਿਲਾਉਣਾ,
ਫਿਰ ਉਹ ਗੁਲਾਬੀ ਮੁਲਾਕਾਤ
ਗੋਰੀਆ ਗੱਲਾਂ ਦਾ ਗੁਲਾਬ ਬਣਨਾ
ਮੇਰਾ ਸੰਗਦਿਆ ਸੰਗਾਉਦਿਆ ਹੱਥ ਫੜਨਾਂ
'ਤੇ ਉਸ ਦਾ ਕਲੀ ਵਾਗ ਕੁਮਲਾਉਣਾਂ
ਦੁਨੀਆ ਦੀ ਨਜ਼ਰ ਤੋਂ ਉਹਲੇ
ਉਹਦਾ ਰੰਗੀਨ ਚਿਹਰਾ ਪੜ੍ਹਨਾਂ
ਮੇਰੀਆ ਚੰਚਲ ਸ਼ਰਾਰਤਾ 'ਤੇ
ਉਹਦਾ ਨਾਂਹ ਨਾਂਹ ਕਰਨਾ
ਬੜਾ ਔਖਾ ਹੈ ਯਾਰੋ
ਸੰਗਦੀ ਦੇ ਚਿਹਰੇ ਦਾ ਰੰਗ ਬਿਆਨ ਕਰਨਾ

(2)
ਰੰਗ ਤਾਂ ਬਹੁਤ ਨੇ ਮੇਰੀ ਨਾਜੋ ਦੇ
ਦਿੱਲੀ ਦੇ ਮੁਗ਼ਲ ਗਾਰਡਨ ਦੀਆਂ ਕਿਆਰੀਆ ਜਿੰਨੇ
ਗੁੱਸੇ 'ਚ ਲਾਲ ,ਸੰਗ 'ਚ ਪੀਲੀ
ਰੁਸ ਕੇ ਸੁਰਮਈ ਤੇ ਖਿੱਝ ਕੇ ਕਾਲ ਕਲੂਟੀ
ਲੜਦੀ, ਮੰਨਦੀ, ਮਨਾਂਉਦੀ
ਹੱਸਦੀ, ਰੋਂਦੀ ਤੇ ਵਰਾਂਉਦੀ
ਰੰਗ ਪਿਆਰ ਦੇ ਕਿੰਨੇ ਤਕਰਾਰ ਦੇ ਕਿੰਨੇ
ਰੰਗ ਤਾਂ ਬਹੁਤ ਨੇ ਮੇਰੀ ਨਾਜੋ ਦੇ
ਦਿੱਲੀ ਦੇ ਮੁਗ਼ਲ ਗਾਰਡਨ ਦੀਆਂ ਕਿਆਰੀਆ ਜਿੰਨੇ

ਕਵੀ ਸੂਚੀ 'ਤੇ ਜਾਓ


----------------------
ਗਜ਼ਲ
----------------------
ਜਸਵਿੰਦਰ ਮਹਿਰਮ


ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਵੀਰਾਨ ਵੀ,
ਹੈ ਜੀਅ ਰਿਹਾ ਹਰ ਹਾਲ ਵਿੱਚ, ਕੀ ਚੀਜ਼ ਹੈ ਇਨਸਾਨ ਵੀ।

ਸੱਚ ਝੂਠ ਹੈ ਇਹ ਜ਼ਿੰਦਗੀ, ਕੰਡਾ ਵੀ, ਹੈ ਇਹ ਫੁੱਲ ਵੀ,
ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ।

ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ,
ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ।

ਹੁੰਦੇ ਕਰੀਬ ਨੇ ਉਹ ਮੇਰੇ, ਫਿਰ ਦੂਰ ਹੋ ਜਾਵਣ ਕਦੇ,
ਇੱਕ ਪਲ ਚ ਹੁੰਦੇ ਨੇ ਖਫ਼ਾ, ਇੱਕ ਪਲ ਚ ਮੇਹਰਬਾਨ ਵੀ।

ਘਰ ਵਿੱਚ ਅਕੇਲੇ ਸਖਸ਼ ਨੂੰ ਆਉਣਾ ਮਜ਼ਾ ਕੀ ਜਸ਼ਨ ਦਾ,
ਉਹ ਮੇਜ਼ਬਾਨ ਵੀ ਖ਼ੁਦ ਬਣੂ , ਖ਼ੁਦ ਹੀ ਬਣੂ ਮਹਿਮਾਨ ਵੀ।

ਬੀਤੇ ਸਮੇਂ ਨੂੰ ਯਾਦ ਜੇਕਰ , ਕਰ ਲਵਾਂ ਅਣਭੋਲ ਮੈਂ,
ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ।

ਰੋਟੀ ਨਹੀਂ ਲੰਗਰ ਬੜੇ , ਕੱਪੜਾ ਨਹੀਂ ਫੈਸ਼ਨ ਬੜੇ,
ਮਜ਼ਦੂਰ ਵੀ ਨੰਗਾ ਫਿਰੇ, ਭੁੱਖਾ ਮਰੇ ਕਿਰਸਾਨ ਵੀ।

ਉਸ ਨੇ ਜ਼ਮਾਨੇ ਨੂੰ ਬੜਾ ਹੀ ਚਾਰਿਆ ਹੈ ਦੋਸਤਾ ,
ਜੋ ਜਾਪਦਾ ਹੈ ਬੇਅਕਲ, ਅਣਜਾਣ ਵੀ, ਨਾਦਾਨ ਵੀ।

ਕਿੰਨਾ ਸਿਆਣਾ ਹੋ ਗਿਆ ਇਨਸਾਨ ਮੇਰੇ ਸ਼ਹਿਰ ਦਾ,
ਰਿਸ਼ਤਾ ਵੀ ਚਾਹੁੰਦਾ ਪਾਲਣਾ , ਦੇਖੇ ਨਫ਼ਾ ਨੁਕਸਾਨ ਵੀ।

ਪੈਸਾ ਮਿਲੇ ਤਾਂ ਆਦਮੀ ਸਭ ਕੁਝ ਖਰੀਦੇ ' ਮਹਿਰਮਾ',
ਪਹਿਚਾਨ ਵੀ, ਅਹਿਸਾਨ ਵੀ, ਸਨਮਾਨ ਵੀ, ਭਗਵਾਨ ਵੀ।

ਕਵੀ ਸੂਚੀ 'ਤੇ ਜਾਓ


----------------------
ਉਮੀਦ
----------------------
ਹਰਪ੍ਰੀਤ ਸਿੰਘ



ਮਨ ਖੁਸ਼ ਹੋਵੇ
ਸਾਰੇ ਰੰਗ ਹੱਸਦੇ ਹਨ,
ਨਜ਼ਰ ਹਰ ਰੰਗ ਵਿੱਚ ਸੁਨਹਿਰੀ ਵੇਖਦੀ ਹੈ,
ਮਨ ਉਦਾਸ ਹੋਵੇ,
ਅੰਬਰਾਂ ਵਿੱਚ ਝੂਲਦੀ ਪੀਂਘ ਵੀ ਬਦਸੂਰਤ ਲੱਗਦੀ ਹੈ,
ਜਿਵੇਂ ਸਤਰੰਗੀ ਪੀਂਘ ਬਾਰੇ ਮਾਂ ਬੱਚੇ ਨੂੰ ਦੱਸ ਰਹੀ ਸੀ,

ਇਹ ਕਾਲੇ ਰੰਗ ਦੀ ਹੈ,
ਦੀਵੇ ਦੀ ਰੌਸ਼ਨੀ ਕੋਲ
ਕੋਈ ਰੰਗ ਨਹੀਂ ਹੈ,
ਰੁੱਤ ਇੱਕੋ ਰਹਿੰਦੀ ਹੈ,
ਫੁੱਲ ਨਾ ਖਿੜਦੇ ਨੇ ਨਾ ਝੜਦੇ ਨੇ,
ਹਰ ਵੇਲੇ ਰਾਤ ਹੈ,
ਦੁਨੀਆਂ 'ਤੇ ਸਿਰਫ ਇਕੋ ਰੰਗ ਹੈ
ਜੋ ਤੈਨੂੰ ਵਿਖਾਈ ਦੇ ਰਿਹਾ ਹੈ,
ਸਾਰੀ ਦੁਨੀਆਂ ਇਹੋ ਜਿਹੀ ਹੈ ਸ਼ਾਹਕਾਲੀ,
ਬੱਚਾ ਸਕੂਲ ਪਹੁੰਚਿਆ,
ਉਸਨੂੰ ਸਬਕ ਵਿੱਚ ਕੁੱਝ ਨਵੇਂ ਰੰਗਾਂ ਦੇ ਨਾਂ ਮਿਲੇ,
ਕੰਠ ਕਰਨ ਲਈ
ਤਰਤੀਬ-ਬਾਰ ਉਹ ਨਵੇਂ ਰੰਗਾਂ ਦੇ ਨਾਂ ਲੈਣ ਲੱਗਾ,
ਜਾਮਣੀ,
ਸੰਤਰੀ,
ਨੀਲਾ,
ਲਾਲ,
ਹਰਾ,
ਪੀਲਾ,
'ਤੇ ਸਾਰੇ ਰੰਗਾਂ ਨੂੰ ਮਿਲਾ ਬਣੇ
ਰੌਸ਼ਨੀ ਦਾ ਰੰਗ
ਸੂਰਜ ਦਾ ਰੰਗ
ਘਰ ਪਰਤ ਬੱਚੇ ਨੇ ਮਾਂ ਦੀਆਂ ਅੱਖਾਂ ਵਿੱਚ ਉਮੀਦ ਭਰੀ,
ਕਿ ਮਾਂ ਬਦਲਾਅ ਆ ਗਿਆ,
ਬੁੱਝਿਆ ਦੀਵਾ ਜਲ਼ਾ,

ਚਾਨਣ ਮਿਲੇਗਾ,
ਇਸ ਬਾਰ ਸਤਰੰਗੀ ਪੀਂਘ ਵਿੱਚ ਵੀ ਨਵੇਂ ਰੰਗ ਹੋਣਗੇ;

ਕਵੀ ਸੂਚੀ 'ਤੇ ਜਾਓ



----------------------
ਲੋਰੀ
----------------------
ਰਮਾਂ ਰਤਨ


ਰੰਗ ਬਦਲਦੀ ਸਾਰੀ ਦੁਨੀਆ,ਮਾਂ ਦਾ ਇਕੋ ਰੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ

ਮਮਤਾ ਮਾਰੀ ਮਾਂ ਬੇਚਾਰੀ,ਕਦੇ ਨਾ ਹੋਵੇ ਤੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ

ਸੱਧਰਾਂ ਹਾਰੀ ਮਾਂ ਬਲਿਹਾਰੀ,ਦੇਖ ਟਪਾਏ ਡੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ

ਸਦਕੇ ਵਾਰੀ ਮਾਂ ਦੁਲਾਰੀ,ਲਵੇ ਅਸੀਸਾਂ ਮੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ

ਭੁੱਲਣਹਾਰੀ ਮਾਂ ਬੇਚਾਰੀ,ਮਾਫੀ ਲੈਦੀ ਮੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ

ਟੂਣੇਹਾਰੀ ਅੱਖ ਸ਼ਿਕਾਰੀ ਦਿੰਦੀ ਸੂਲੀ ਟੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ

ਰਚਣਹਾਰੀ ਮਾਂ ਦਾਤਾਰੀ, ਸੋਚੇ ਸੱਜਰੇ ਢੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ

ਰੰਗ ਬਦਲਦੀ ਸਾਰੀ ਦੁਨੀਆ, ਮਾਂ ਦਾ ਇਕੋ ਰੰਗ ਨੀ
ਸੌ ਜਾ ਮੇਰੀ ਲਾਡਲੀ, ਤੂੰ ਸੌ ਜਾ ਅੰਮੜੀ ਸੰਗ ਨੀ



-------
ਰੰਗ-ਨਾਦ
-------
ਐਚ. ਐਸ ਡਿੰਪਲ


ਤੇਰੇ ਵੀ ਹਜ਼ਾਰ ਰੰਗ,
ਮੇਰੇ ਵੀ ਹਜ਼ਾਰ ਰੰਗ,
ਤੂੰ ਰੰਗ ਬਦਲਦਾ ਏਂ
ਮੈਂ ਰੰਗ ਦਿਖਾਉਂਦਾ ਹਾਂ
ਇਹੀ ਫ਼ਰਕ ਹੈ,
ਤੇਰੇ 'ਤੇ ਮੇਰੇ ਵਿਚ
ਨਹੀਂ ਤਾਂ ਇਸ ਰੰਗਾਂ ਦੀ ਦੁਨੀਆਂ ਵਿੱਚ
ਸਭ ਕੁਝ ਬੇਰੰਗ ਹੀ ਹੈ
ਤੇਰੇ 'ਤੇ ਮੇਰੇ ਬਿਨਾਂ………

'ਤੇ ਜਾਂ ਮੁਹੱਬਤ ਦੀ ਸਤਰੰਗੀ ਪੀਂਘ
'ਤੇ ਉਸ ਅਹਿਸਾਸ ਦੀ ਹਰਿਆਵਲ
ਉਸਤੋਂ ਖਿ਼ੜੇ ਫੁੱਲਾਂ ਦੇ ਅਥਾਹ ਰੂਪ
'ਤੇ ਇਨ੍ਹਾਂ ਰੂਪਾਂ ਦੇ ਅਣਗਿਣਤ ਰੰਗ
ਜੋ ਦਿਖਦੇ ਤਾਂ ਨਹੀਂ
ਪਰ ਇਨ੍ਹਾਂ ਦਾ ਨਿੰਮ੍ਹਾਂ-ਨਿੰਮ੍ਹਾ ਅਹਿਸਾਸ
ਇਕ ਅਹਿਸਾਨ ਜਿਹਾ ਹੁੰਦਾ ਹੈ
ਉਨ੍ਹਾਂ ਰਿਸ਼ਤਿਆਂ ਵਰਗਾ
ਜਿਨ੍ਹਾਂ ਦੀ ਹੋਂਦ ਤਾਂ ਹੁੰਦੀ ਹੈ
ਕੋਈ ਨਾਮ ਨਹੀਂ ਹੁੰਦਾ
ਪਰ ‘ਉਹ’ ਬੇਨਾਮ ਵੀ ਨਹੀਂ ਹੁੰਦੇ

ਤੇਰੀ ਅੱਜ ਤੱਕਣੀ ਨੇ ਹੀ
ਮੇਰੇ ਜੀਵਨ ਦੀ ਖਾਲੀ ਕੈਨਵਸ ਤੇ
ਕੁਝ ਰੰਗ ਭਰਨੇ ਸ਼ੁਰੂ ਕਰ ਦਿੱਤੇ ਨੇ
ਜਿਨ੍ਹਾਂ ਵਿਚ ਛੁਪੀ ਹੈ
ਮੇਰੀ ਕਿਸਤਮ 'ਤੇ ਤੇਰੀ ਮੁਹੱਬਤ
ਅਤੇ ਸਾਡਾ ਦੋਹਾਂ ਦਾ ਭਲਕ, ਅਤੇ ਜਾਂ ਭਰਮ
ਅਤੇ ਉਸੇ ਭਲਕ-ਭਰਮ ਦੀ ਕਸਮ
ਕਿਤੇ ਤੂੰ ਭੁੱਲ ਨਾ ਜਾਵੀਂ
ਅਤੇ ਨਾ ਹੀ ਰੰਗਾਂ ਦੇ ਅਗੰਮੀ ਨਾਦ ਨੂੰ
ਜਿਨ੍ਹਾਂ ਨੇ ਮੇਰੀ ਜਿੰਦਗੀ ਨੂੰ
ਰੰਗਹੀਣ ਤੋਂ ਰੰਗੀਨ ਬਣਾ ਦਿੱਤਾ
ਪਰ ਮੈਂ ਤੇਰੇ ਤੋਂ ਵਾਅਦਾ ਕਿੰਞ ਮੰਗ ਸਕਦਾ ਹਾਂ
ਕਿਉਂਕਿ ਤੇਰੇ ਵੀ ਹਜ਼ਾਰ ਰੰਗ
ਮੇਰੇ ਵੀ ਹਜ਼ਾਰ ਰੰਗ,
ਤੂੰ ਰੰਗ ਬਦਲਦਾ ਏਂ
ਮੈਂ ਰੰਗ ਦਿਖਾਉਂਦਾ ਹਾਂ
ਇਹੀ ਫ਼ਰਕ ਹੈ,
ਤੇਰੇ ਤੇ ਮੇਰੇ ਵਿੱਚ
ਨਹੀਂ ਤਾਂ ਇਸ ਰੰਗਾਂ ਦੀ ਦੁਨੀਆਂ ਵਿਚ
ਸਭ ਕੁਝ ਬੇਰੰਗ ਹੀ ਹੈ
ਤੇਰੇ ਤੇ ਮੇਰੇ ਬਿਨਾਂ………

ਕਵੀ ਸੂਚੀ 'ਤੇ ਜਾਓ
1:05 AM | 7 comments

ਪਾਠਕ

ਸੱਥ

ਕਹਾਣੀਆਂ

ਰੇਡੀਓ

ਸ਼ਖ਼ਸੀਅਤ

ਲਾਇਬ੍ਰੇਰੀ

ਕਾਵਿ-ਸੰਵਾਦ